ਜੇਈਜ਼ ਕੌਂਸਲ ਵੱਲੋਂ ਮੰਗਾਂ ਸਬੰਧੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਕੌਂਸਲ ਆਫ ਜੂਨੀਅਰ ਇੰਜਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜੂਨੀਅਰ ਇੰਜਨੀਅਰ ਕੇਡਰ ਦੀਆਂ ਰਹਿੰਦੀਆਂ ਮੰਗਾਂ ਪ੍ਰਤੀ ਪਾਵਰਕੌਮ ਮੈਨੇਜਮੈਂਟ ਦੇ ਗੈਰ ਸੰਜੀਦਾ ਰਵੱਈਏ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਇੰਜ. ਅਮਨਦੀਪ ਜੇਹਲਵੀ ਨੇ ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਤੋਂ ਪਾਵਰਕੌਮ ਦੇ ਸਮੂਹ ਸਰਕਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਗਰੋਂ 19 ਅਗਸਤ ਨੂੰ ਪਾਵਰਕੌਮ ਦੇ ਬਾਰਡਰ ਜ਼ੋਨ ਹੈੱਡ ਕੁਆਟਰ ਅੰਮ੍ਰਿਤਸਰ, 21 ਨੂੰ ਬਠਿੰਡਾ, 26 ਨੂੰ ਜਲੰਧਰ, 28 ਨੂੰ ਪਟਿਆਲਾ ਅਤੇ 2 ਸਤੰਬਰ ਨੂੰ ਲੁਧਿਆਣਾ ਵਿੱਚ ਜ਼ੋਨਲ ਧਰਨੇ ਦਿੱਤੇ ਜਾਣਗੇ। ਸੰਘਰਸ਼ ਦੌਰਾਨ ਜੇਕਰ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰ ਸਮੂਹਿਕ ਛੁੱਟੀ ’ਤੇ ਜਾਂਦੇ ਹਨ ਤਾਂ ਜੇਈਜ਼ ਕੌਂਸਲ ਦੇ ਮੈਂਬਰ ਗਰਿੱਡ ਸਬ ਸਟੇਸ਼ਨਾਂ ’ਤੇ ਐਮਰਜੈਂਸੀ ਡਿਊਟੀ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਨਵੇਂ ਭਰਤੀ ਜੇਈਜ਼ ਨੂੰ ਪੰਜਾਬ ਸਰਕਾਰ ਦੇ ਜੇਈਜ਼ ਨਾਲ ਡਿਫਰੈਂਸ਼ੀਅਲ ਦੇ ਸਿਧਾਂਤ ਤਹਿਤ 6ਵੇਂ ਪੇ ਕਮਿਸ਼ਨ ਨੂੰ ਅਧਾਰ ਮੰਨਦਿਆਂ ਸ਼ੁਰੂਆਤੀ ਤਨਖਾਹ ਸਕੇਲ 47900 ਪ੍ਰਦਾਨ ਕਰਨਾ, ਵਿੱਤ ਸਰਕੂਲਰ ਨੰਬਰ 10/16 ਰਾਹੀਂ ਦਿੱਤਾ 9/16 ਸਾਲਾਂ ਸਮਾਂਬੱਧ ਤਰੱਕੀ ਸਕੇਲ ਜਾਰੀ ਰੱਖਣਾ, ਸਪੈਸ਼ਲ ਅਲਾਊਂਸ ਬਹਾਲ ਕਰਨਾ, 30 ਲੀਟਰ ਪੈਟਰੋਲ ਪ੍ਰਤੀ ਮਹੀਨਾ ਖਰਚਾ ਦੁੱਗਣਾ ਕਰਨਾ, ਤਰੱਕੀ ਸਕੇਲ ਜਲਦ ਲਾਗੂ ਕਰਲਾ ਆਦਿ ਪ੍ਰਮੁੱਖ ਮੰਗਾਂ ਹਨ। ਜਥੇਬੰਦੀ ਨੇ ਕਿਹਾ ਕਿ ਫੀਲਡ ਵਿਚ ਤਕਨੀਕੀ ਮੈਨ ਪਾਵਰ ਦੀ ਅਤਿ ਘਾਟ ਹੈ ਅਤੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਬਹੁਤ ਮਾੜੇ ਹਾਲਾਤ ਵਿਚ ਕੰਮ ਕਰਨਾ ਪੈ ਰਿਹਾ ਹੈ ਅਤੇ ਫੀਲਡ ਵਿਚ ਤਕਨੀਕੀ ਕਰਮਚਾਰੀਆਂ ਦੀ ਭਰਤੀ ਨੂੰ ਬਿਨ੍ਹਾਂ ਵਜ੍ਹਾ ਦੇਰੀ ਕੀਤਾ ਜਾ ਰਿਹਾ ਹੈ। ਇਸ ਮੌਕੇ ਇੰਜ. ਦਵਿੰਦਰ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।