ਮ੍ਰਿਤਕਾਂ ਦਾ ਗਹਿਣੇ, ਨਕਦੀ ਤੇ ਹੋਰ ਸਾਮਾਨ ਗਾਇਬ
ਆਪਣੀ ਧੀ ਦੀ ਡੋਲੀ ਨੂੰ ਵਿਦਾ ਕਰ ਕੇ ਸਰਹਿੰਦ ਆਪਣੇ ਘਰ ਵਾਪਸ ਜਾ ਰਹੇ ਕਾਰੋਬਾਰੀ ਅਸ਼ੋਕ ਕੁਮਾਰ ਨੰਦਾ, ਉਨ੍ਹਾਂ ਦੀ ਪਤਨੀ ਤੇ ਇੱਕ ਹੋਰ ਔਰਤ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਦਰਅਸਲ, ਹਾਦਸੇ ਵਾਲੇ ਸਮੇਂ ਤੋਂ ਮ੍ਰਿਤਕ ਔਰਤਾਂ ਦੇ ਗਲਾਂ ਵਿੱਚ ਪਾਏ ਗਹਿਣੇ, ਮੋਬਾਈਲ ਤੇ ਪੈਸਿਆਂ ਵਾਲਾ ਬੈਗ ਗਾਇਬ ਹੈ ਜਦਕਿ ਸਿਰਫ਼ ਦਸ ਹਜ਼ਾਰ ਰੁਪਏ ਵਾਲਾ ਇੱਕ ਸ਼ਗਨ ਵਾਲਾ ਲਿਫਾਫਾ ਮਿਲਿਆ ਹੈ। ਪਰਿਵਾਰਕ ਮੈਂਬਰ ਹਸਪਤਾਲ ਅਤੇ ਫਿਰ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਲੱਗੇ ਰਹੇ ਤੇ ਬਾਅਦ ’ਚ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜਦੋਂ ਔਰਤਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਦੀਆਂ ਲਾਸ਼ਾਂ ’ਤੇ ਕੋਈ ਗਹਿਣੇ ਨਹੀਂ ਸਨ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਨਗੇ। ਮ੍ਰਿਤਕ ਕਾਰੋਬਾਰੀ ਅਸ਼ੋਕ ਕੁਮਾਰ ਨੰਦਾ ਦੇ ਰਿਸ਼ਤੇਦਾਰ ਅੰਕੁਰ ਨੇ ਦੱਸਿਆ ਕਿ ਜਦੋਂ ਪਰਿਵਾਰ ਡੋਲੀ ਦੀ ਰਸਮ ਤੋਂ ਬਾਅਦ ਚਲਾ ਗਿਆ ਤਾਂ ਔਰਤਾਂ ਨੇ ਗਹਿਣੇ ਪਾਏ ਹੋਏ ਸਨ। ਜੋ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ, ਉਸ ਵਿੱਚ ਹੀ ਸ਼ਗਨ ਵਾਲੇ ਲਿਫ਼ਾਫਿਆਂ ਵਾਲਾ ਬੈਗ, ਤੋਹਫ਼ੇ ’ਤੇ ਹੋਰ ਸਾਮਾਨ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਕਿਸੇ ਨੇ ਕਾਰ ਵਿੱਚੋਂ ਪੈਸੇ ਅਤੇ ਔਰਤਾਂ ਦੇ ਗਹਿਣੇ, ਆਈਫੋਨ, ਮਹਿੰਗੀਆਂ ਘੜੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੈ ਕੇ ਗਈ ਸੀ ਤਾਂ ਕਿਸੇ ਦੇ ਗਹਿਣੇ ਨਹੀਂ ਪਾਏ ਹੋਏ ਸਨ। ਪਰਿਵਾਰ ਨੇ ਪੁਲੀਸ ਨੂੰ ਗੁੰਮ ਹੋਈਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।
