ਜਥਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ
ਪੰਜਾਬ ਵਿੱਚ ਬੀਤੇ ਕਈ ਦਿਨਾਂ ਤੋਂ ਬਣੇ ਹੜ੍ਹ ਦੇ ਹਾਲਾਤਾਂ ਨੂੰ ਦੇਖਦਿਆਂ ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਹਮਦਰਦਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਨਾਲ ਲੈ ਕੇ ਜਥਾ ਰਵਾਨਾ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਜਥੇ ਨੂੰ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਰਵਾਨਾ ਕੀਤਾ।
ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਇਕੱਠ ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਸੰਬੋਧਨ ਕਰਦਿਆਂ ਕਿਹਾ ਮੌਜੂਦਾ ਹੜ੍ਹ ਕਿਸੇ ਕੁਦਰਤੀ ਆਫ਼ਤ ਦਾ ਨਤੀਜਾ ਨਹੀਂ ਸਗੋਂ ਸਰਕਾਰ ਦੀ ਅਣਗਹਿਲੀ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਹੋਇਆ ਹੈ। ਪਰ ਅਜਿਹੀ ਸੰਕਟ ਦੀ ਸਥਿਤੀ ਵਿੱਚ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਲੋਕ ਸਰਕਾਰ ਦੀ ਉਡੀਕ ਕੀਤੇ ਬਿਨਾਂ ਰਾਹਤ ਕਾਰਜਾਂ ਵਿੱਚ ਮਦਦ ਲਈ ਅੱਗੇ ਆਏ। ਨੌਜਵਾਨ ਸਭਾ ਨੇ ਲਗਾਤਾਰ ਹੜ੍ਹ ਪੀੜਤਾਂ ਦੀ ਦੇਖਭਾਲ ਵਿੱਚ ਲੱਗੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਲਈ ਲੋੜੀਂਦੇ ਸਮਾਨ ਦੀ ਸੂਚੀ ਤਿਆਰ ਕਰਕੇ ਸਹਾਇਤਾ ਭੇਜੀ ਜਾ ਰਹੀ ਹੈ। ਇਸ ਵਿੱਚ ਕੱਪੜੇ, ਦਵਾਈਆਂ, ਸੈਨੇਟਰੀ ਪੈਡ, ਚਾਦਰਾਂ, ਟਾਰਚਾਂ ਆਦਿ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਜੱਥੇਬੰਦੀਆਂ ਵੱਲੋਂ ਸਮੱਗਰੀ ਅਤੇ ਮਾਇਕ ਸਹਾਇਤਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਕਾਮਰੇਡ ਸੁਰਿੰਦਰ ਦੁੱਗਰੀ, ਰਾਜਵਿੰਦਰ ਕੌਰ ਅਤੇ ਉਨ੍ਹਾਂ ਦੀਆਂ ਸਾਥਣਾਂ, ਫਗਵਾੜ ਤੋਂ ਰਾਮਾ ਹਸਪਤਾਲ, ਨਗਰ(ਫਿਲੌਰ), ਅਮਨ ਅਹੂਜਾ, ਅਮਨ ਮੈਡੀਕੋਜ਼ (ਕੋਚਰ ਮਾਰਕੀਟ), ਜਸਪ੍ਰੀਤ ਸਿੰਘ (ਯੂਕੈਨ ਇਮੀਗ੍ਰੇਸ਼ਨ ਲੁਧਿਆਣਾ), ਕਾਮਰੇਡ ਮਧੂ, ਨਿਰਮਲ ਡੀ ਐਮ ਸੀ, ਪਵਨ (ਐਚ. ਡੀ. ਐਫ. ਸੀ.) ਬਬਲੂ, ਤਰਲੋਚਨ ਸਿੰਘ ਅਤੇ ਰੰਗ ਮੰਚ ਰੰਗ ਨਗਰੀ ਦੀ ਸਮੁੱਚੀ ਟੀਮ ਨੇ ਇਸ ਕਾਰਜ ਲਈ ਵਿਸ਼ੇਸ਼ ਸਹਾਇਤਾ ਕੀਤੀ। ਨੌਜਵਾਨ ਸਭਾ ਨੇ ਆਉਣ ਵਾਲੇ ਸਮੇਂ ਵਿੱਚ ਇਸ ਸਹਾਇਤਾ ਨੂੰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ।