ਭਾਸ਼ਣ ਮੁਕਾਬਲੇ ’ਚੋਂ ਜਸਨੂਰ ਕੌਰ ਅੱਵਲ
ਬਾਬਾ ਈਸ਼ਰ ਸਿੰਘ ਸਕੂਲ, ਬੀਆਰਐੱਸ ਨਗਰ ਵਿੱਚ ਕਰਵਾਏ ਗਏ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਪੰਜਾਬੀ ਭਾਸ਼ਣ ਮੁਕਾਬਲੇ ਵਿੱਚ ਸਪਰਿੰਗ ਡੇਲ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਹੈ। ਸਕੂਲ ਦੀ ਵਿਦਿਆਰਥਣ ਜਸਨੂਰ ਕੌਰ ਅਰੋੜਾ ਨੇ ਮੁਕਾਬਲੇ ਵਿੱਚ ਆਈਆਂ 34 ਟੀਮਾਂ ਨੂੰ ਪਛਾੜਦਿਆਂ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਇਸ ਮੁਕਾਬਲੇ ਨੂੰ ‘ਏ’ ਅਤੇ ‘ਬੀ’ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ। ‘ਏ’ ਵਰਗ ਵਿੱਚ ਨੌਵੀਂ ਤੋਂ ਦਸਵੀਂ ਜਮਾਤ ਜਦਕਿ ‘ਬੀ’ ਵਰਗ ’ਚ ਗਿਆਰਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕਰਕੇ ਆਪਣੀ ਅੰਦਰੂਨੀ ਕਲਾ ਦਾ ਮੁਜ਼ਾਹਰਾ ਪੇਸ਼ ਕੀਤਾ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਜਸ਼ਨੂਰ ਨੂੰ ਉਸ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਹੋਰਨਾਂ ਬੱਚਿਆਂ ਨੂੰ ਵੀ ਜਸ਼ਨੂਰ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ।