ਜਗਰਾਉਂ ਮਾਰਕੀਟ ਕਮੇਟੀ ਨੂੰ ਹਾਲੇ ਤੱਕ ਨਹੀਂ ਮਿਲਿਆ ਚੇਅਰਮੈਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਅਪਰੈਲ
ਪੰਜਾਬ ਸਰਕਾਰ ਵੱਲੋਂ 24 ਫਰਵਰੀ ਨੂੰ ਐਲਾਨੇ 88 ਮਾਰਕੀਟ ਕਮੇਟੀ ਦੇ ਚੇਅਰਮੈਨਾਂ ਵਿੱਚੋਂ ਹਾਲੇ ਤੱਕ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਹੀਂ ਲੱਭਿਆ। ਪੌਣੇ ਦੋ ਮਹੀਨੇ ਤੋਂ ਸਿਰਫ਼ ਚੇਅਰਮੈਨ ਹੀ ਨਹੀਂ ਸਗੋਂ ਇਨ੍ਹਾਂ ਚੇਅਰਮੈਨਾਂ ਦੀ ਨਿਯੁਕਤੀ ਸਬੰਧੀ ਜਾਰੀ ਹੋਇਆ ਨੋਟੀਫਿਕੇਸ਼ਨ ਵੀ ਨਹੀਂ ਮਿਲ ਰਿਹਾ। ਇੰਜ ਲੱਗਦਾ ਹੈ ਜਿਵੇਂ ਸਰਕਾਰ 88 ਚੇਅਰਮੈਨਾਂ ਦੀ ਨਿਯੁਕਤੀ ਦਾ ਐਲਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰਨਾ ਭੁੱਲ ਗਈ ਹੋਵੇ। ਜਿੱਥੋਂ ਤਕ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸਵਾਲ ਹੈ, ਲੋਕ ਅੱਜ ਵੀ ਐਲਾਨੇ ਚੇਅਰਮੈਨ ਬਲਦੇਵ ਸਿੰਘ ਨੂੰ ਭਾਲ ਰਹੇ ਹਨ। ਨਾ ਤਾਂ ਖੁਦ ਇਹ ਬਲਦੇਵ ਸਿੰਘ ਸਾਹਮਣੇ ਆਇਆ ਨਾ ਹੀ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਸਪੱਸ਼ਟ ਕੀਤਾ ਹੈ। ਉਲਟਾ ਇਸ ਨੂੰ ਲੈ ਕੇ ਮਜ਼ਾਕ ਉੱਡਣਾ ਜਾਰੀ ਹੈ ਅਤੇ ਇਸ ਨਾਂ ਵਾਲੇ ਕਈ ਲੋਕ ਮਜ਼ਾਕੀਆਂ ਢੰਗ ਨਾਲ ਚੇਅਰਮੈਨ ਹੋਣ ਦੇ ਦਾਅਵੇ ਠੋਕੀ ਤੁਰੇ ਆਉਂਦੇ ਹਨ।
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਰਾਖਵਾਂ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਵਿਧਾਇਕਾ ਬਣੇ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਕ ਦੋ ਦਿਨਾਂ ਅੰਦਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਇਸ ਸਬੰਧੀ ਉਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਵਾਰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਜਗਰਾਉਂ ਵਾਲੇ ਚੇਅਰਮੈਨ ਬਾਰੇ ਵੀ ਆਪੇ ਸਭ ਨੂੰ ਪਤਾ ਲੱਗ ਜਾਵੇਗਾ। ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਮਿਆਦ ਤਿੰਨ ਸਾਲ ਲਈ ਹੁੰਦੀ ਹੈ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਕਿਸੇ ਵੀ ਪਾਰਟੀ ਦੀ ਨਵੀਂ ਸਰਕਾਰ ਬਣਦੀ ਹੈ ਤਾਂ ਦੋ ਕੁ ਸਾਲ ਅੰਦਰ ਚੇਅਰਮੈਨ ਨਿਯੁਕਤ ਕਰ ਦਿੱਤੇ ਜਾਂਦੇ ਹਨ। ਆਮ ਆਦਮੀ ਪਾਰਟੀ ਨੇ ਕਈ ਮਹੀਨੇ ਪਹਿਲਾਂ ਕੁਝ ਹੋਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਸਨ। ਇਨ੍ਹਾਂ ਵਿੱਚ ਹੀ ਨਜ਼ਦੀਕੀ ਸਿੱਧਵਾਂ ਬੇਟ ਮਾਰਕੀਟ ਕਮੇਟੀ ਦਾ ਚੇਅਰਮੈਨ ਸ਼ਾਮਲ ਸੀ। ਹੁਣ ਜਿਹੜੇ 88 ਚੇਅਰਮੈਨ ਐਲਾਨੇ ਸਨ ਉਨ੍ਹਾਂ ਵਿੱਚ ਜਗਰਾਉਂ ਨੇੜਲੇ ਇਕ ਹੋਰ ਮਾਰਕੀਟ ਕਮੇਟੀ ਹਠੂਰ ਦਾ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ ਵੀ ਸ਼ਾਮਲ ਹੈ। ਇਸ ਚੇਅਰਮੈਨ ਨੇ ਪਹਿਲੀ ਅਪਰੈਲ ਨੂੰ ਅਹੁਦਾ ਸੰਭਾਲਿਆ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਖੁਦ ਇਸ ਮੌਕੇ ਹਲਕਾ ਵਿਧਾਇਕਾ ਮਾਣੂੰਕੇ ਨਾਲ ਪਹੁੰਚੇ ਹੋਏ ਸਨ। ਪਰ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਤਾਂ 'ਬੁਝਾਰਤ' ਹੀ ਬਣ ਗਿਆ ਹੈ। ਹੁਣ ਹਾੜ੍ਹੀ ਦੇ ਸੀਜ਼ਨ ਕਰਕੇ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ ਹੋ ਗਈ ਹੈ ਪਰ ਏਸ਼ੀਆ ਦੀ ਦੂਜੀ ਵੱਡੀ ਮੰਡੀ ਵਿੱਚ ਨਿਯੁਕਤ ਕੀਤੇ ਚੇਅਰਮੈਨ ਦਾ ਥਹੁ-ਪਤਾ ਨਹੀਂ। ਸੈਕਟਰੀ ਦੀ ਵੀ ਬਦਲੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਥਾਂ ਜਿਸ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਉਸ ਕੋਲ ਪਹਿਲਾਂ ਹੀ ਦੋ ਹੋਰ ਮਾਰਕੀਟ ਕਮੇਟੀਆਂ ਦੀ ਜ਼ਿੰਮੇਵਾਰੀ ਹੈ। ਇਕ ਹੋਰ ਜਾਣਕਾਰੀ ਮੁਤਾਬਕ ਇਨ੍ਹਾਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਵਿੱਚੋਂ 27 ਦਾ ਨੋਟੀਫਿਕੇਸ਼ਨ ਹੀ ਜਾਰੀ ਹੋਇਆ ਹੈ।