ਜਗਰਾਉਂ ਮੰਡੀ: ਸੱਤ ਕਿਸਾਨਾਂ ਦੇ 500 ਕੁਇੰਟਲ ਝੋਨੇ ਨਾਲ ਆਮਦ ਸ਼ੁਰੂ
ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਭਾਵੇਂ ਦਸ ਦਿਨ ਪਹਿਲਾਂ ਆਰੰਭ ਦਿੱਤੀ ਸੀ ਪਰ ਝੋਨੇ ਦੀ ਆਮਦ ਹੀ ਪੱਛੜ ਕੇ ਸ਼ੁਰੂ ਹੋਈ ਜਿਸ ਕਰਕੇ ਖਰੀਦਾ ਦਾ ਕੰਮ ਹਾਲੇ ਨਾਹ ਵਰਗਾ ਹੀ ਹੈ। ਜਗਰਾਉਂ ਮੁੱਖ ਮੰਡੀ ਵਿੱਚ ਅੱਜ ਸੱਤ ਕਿਸਾਨਾਂ ਨੇ ਪੰਜ ਕੁਇੰਟਲ ਦੇ ਕਰੀਬ ਝੋਨਾ ਸੁੱਟਿਆ ਪਰ ਸਰਕਾਰੀ ਖਰੀਦ ਨਹੀਂ ਹੋਈ। ਐਲਾਨ ਮੁਤਾਬਕ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੈ ਪਰ ਸਥਾਨਕ ਮੰਡੀ ਵਿੱਚ ਖਰੀਦ ਏਜੰਸੀਆਂ ਨੇ ਹਾਲੇ ਤੱਕ ਅਨਾਜ ਮੰਡੀ ਵੱਲ ਮੂੰਹ ਨਹੀਂ ਕੀਤਾ। ਕਿਸਾਨਾਂ ਨੂੰ ਲੱਗਦਾ ਹਾਲੇ ਝੋਨਾ ਵੇਚਣ ਲਈ ਕੁਝ ਦਿਨ ਮੰਡੀਆਂ ਵਿੱਚ ਹੀ ਬੈਠਣਾ ਪਵੇਗਾ। ਇਸ ਲਈ ਖੁਆਰੀ ਤੋਂ ਬਚਣ ਲਈ ਕਿਸਾਨ ਵੀ ਕੁਝ ਦਿਨ ਪੱਛੜ ਕੇ ਝੋਨਾ ਮੰਡੀ ਲਿਆਉਣ ਦਾ ਬਿਹਤਰ ਹੋਵੇਗਾ। ਖਰੀਦ ਏਜੰਸੀ ਤੇ ਵਪਾਰੀ ਅਗੇਤੇ ਝੋਨੇ ਦੀ ਖਰੀਦ ਕਰਨ ਤੋਂ ਕੰਨੀ ਕਤਰਾ ਰਹੇ ਹਨ। ਝੋਨੇ ਦੀ ਨਮੀ ਵੀ ਖਰੀਦ ਨਾ ਹੋਣ ਦਾ ਇਕ ਕਾਰਨ ਬਣ ਰਹੀ ਹੈ।
ਝੋਨੇ ਦੇ ਪਿਛਲੇ ਸੀਜ਼ਨਾਂ ਦੌਰਾਨ ਖਰੀਦ ਦਾ ਕੰਮ ਸਹੀ ਢੰਗ ਨਾਲ ਅਕਤੂਬਰ ਦੇ ਸ਼ੁਰੂ ਵਿੱਚ ਹੀ ਸ਼ੁਰੂ ਹੁੰਦਾ ਹੈ ਜਿਸ ਕਰਕੇ ਐਤਕੀਂ ਵੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਤੇਜ਼ੀ ਫੜਨ ਦੇ ਆਸਾਰ ਹਨ। ਮਾਰਕੀਟ ਕਮੇਟੀ ਦੇ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ ਨੇ ਸੰਪਰ ਕਰਨ ’ਤੇ ਦੱਸਿਆ ਕਿ ਭਾਵੇਂ ਖਰੀਦ ਨਹੀਂ ਹੋਈ ਪਰ ਮਾਰਕੀਟ ਕਮੇਟੀ ਵਲੋਂ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਮੰਡੀਆਂ ਦੀ ਸਾਫ਼ ਸਫ਼ਾਈ ਤੋਂ ਇਲਾਵਾ ਬਿਜਲੀ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀਆਂ ਕੁਝ ਢੇਰੀਆਂ ਮੰਡੀ ਵਿੱਚ ਆਈਆਂ ਹਨ। ਸੈਕਟਰੀ ਕਲਸੀ ਮੁਤਾਬਕ ਖਰੀਦ ਦਾ ਕੰਮ ਏਜੰਸੀਆਂ ਦਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਝੋਨੇ ਦੀ ਤੇਜ਼ ਹੋ ਰਹੀ ਆਮਦ ਦੇ ਮੱਦੇਨਜ਼ਰ ਖਰੀਦ ਏਜੰਸੀਆਂ ਨੂੰ ਝੋਨੇ ਦੀ ਖਰੀਦ ਆਰੰਭ ਦੇਣੀ ਚਾਹੀਦੀ ਹੈ।