ਜਗਰਾਉਂ ਪੁਲ ਦੀ ਕੰਧ ਡਿੱਗੀ, ਮੁੜ ਉਸਾਰੀ ਦਾ ਕੰਮ ਸ਼ੁਰੂ
ਸਨਅਤੀ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਜਗਰਾਉਂ ਪੁਲ ਦੀ ਕੰਧ ਡਿੱਗ ਗਈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਇਸ ਤੋਂ ਬਾਅਦ ਅੱਜ ਪੁਲ ਦੀ ਡਿੱਗੀ ਕੰਧ ਦਾ ਕੰਮ ਸ਼ੁਰੂ ਕਰਵਾਉਣ ਲਈ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਜਗਰਾਓਂ ਪੁਲ ਦਾ ਨਿਰੀਖਣ ਕੀਤਾ ਤੇ ਉਨ੍ਹਾਂ ਨੇ ਮੁਲਾਜ਼ਮਾਂ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਸ਼ਹਿਰ ਵਿੱਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਪੁਲ ਦੀ ਬਾਹਰੀ ਕੰਧ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਸੀ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਨੇ ਨੁਕਸਾਨੀ ਹੋਈ ਕੰਧ ਨੂੰ ਮੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ) ਦੇ ਮਾਹਿਰਾਂ ਨੂੰ ਵੀ ਇਸ ਕੰਮ ਲਈ ਸ਼ਾਮਲ ਕੀਤਾ ਗਿਆ। ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਇਸ ਲਈ ਪੁਲ ਦੇ ਇੱਕ ਪਾਸੇ (ਵਿਸ਼ਵਕਰਮਾ ਚੌਕ ਤੋਂ ਰੇਲਵੇ ਸਟੇਸ਼ਨ ਵੱਲ) ਸਿਰਫ਼ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਾਈ ਗਈ ਹੈ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਬਲਵਿੰਦਰ ਸਿੰਘ, ਜੀ.ਐੱਨ.ਡੀ.ਈ.ਸੀ ਦੇ ਮਾਹਿਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਪੁਲ ਦੀ ਮਜ਼ਬੂਤੀ ਲਈ ਕਈ ਕਦਮ ਚੁੱਕਾਂਗੇ: ਡੇਚਲਵਾਲ
Advertisementਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਦੱਸਿਆ ਕਿ ਬਾਹਰੀ ਇੱਟਾਂ ਦੀ ਕੰਧ ਸਥਾਪਤ ਕਰਨ ਦੇ ਕੰਮ ਨੂੰ ਤੇਜ਼ ਕਰਨ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਪੁਲ ਨੂੰ ਹੋਰ ਮਜ਼ਬੂਤੀ ਦੇਣ ਲਈ ਸਮੁੱਚੇ ਪ੍ਰਾਜੈਕਟ ਅਧੀਨ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸ੍ਰੀ ਡੇਚਲਵਾਲ ਨੇ ਦੱਸਿਆ ਕਿ ਜੀਐੱਨਡੀਈਸੀ ਦੇ ਮਾਹਿਰਾਂ ਨੂੰ ਵਿਸਤ੍ਰਿਤ ਅਧਿਐਨ ਕਰਨ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਲਈ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਪੁਲ ਦੀਆਂ ਸੜਕਾਂ (ਵਿਸ਼ਵਕਰਮਾ ਚੌਕ ਵੱਲ) ਨੂੰ ਚੌੜਾ ਕਰਨ ਦੇ ਵਿਕਲਪਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੁਲ ਨੂੰ ਮਜ਼ਬੂਤੀ ਦੇਣ ਲਈ ਵੀ ਕਈ ਕਦਮ ਚੁੱਕੇ ਜਾਣਗੇ।