ਤ੍ਰੈ-ਮਾਸਿਕ ਰਸਾਲਾ ਪਰਵਾਸ ਦਾ ਅੰਕ ਲੋਕ ਅਰਪਨ
ਨਕਸ਼ਦੀਪ ਪੰਜਕੋਹਾ ਨੇ ਸਰੋਤਿਆਂ ਦੇ ਰੂ ਬ ਰੂ ਹੁੰਦਿਆਂ ਪੰਜਾਬ ਰਹਿੰਦਿਆਂ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਅੰਗਰੇਜ਼ੀ ਵਿਚ ਸਾਹਿਤ ਲਿਖਦੇ ਸਨ ਪਰ ਫਿਰ ਲੇਖਕ ਤੇ ਫਿਲਮੀ ਅਦਾਕਾਰ ਬਲਰਾਜ ਸਾਹਨੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਮਾਂ ਬੋਲੀ ਵਿਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਡਾ. ਐਸਪੀ ਸਿੰਘ ਨੇ ਉਨ੍ਹਾਂ ਦੇ ਨਾਵਲ ‘ਗਿਰਵੀ ਹੋਏ ਮਨ’ ਨੂੰ ਪੜ੍ਹਨ ਮਗਰੋਂ ਪਾਠਕਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ। ਇਸ ਨਾਵਲ ਸਦਕਾ ਹੀ ਉਹ ਸਾਹਿਤਕ ਜਗਤ ਵਿਚ ਨਕਸ਼ਦੀਪ ਪੰਜਕੋਹਾ ਵਜੋਂ ਜਾਣੇ ਜਾਣ ਲੱਗੇ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਦੇ 44ਵੇਂ ਅੰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਦੀ ਲੇਖਿਕਾ ਬਲਬੀਰ ਕੌਰ ਸੰਘੇੜਾ ਨੂੰ ਇਸ ਅੰਕ ਵਿਚ ਵਿਸ਼ੇਸ਼ ਲੇਖਿਕਾ ਵਜੋਂ ਪ੍ਰਕਾਸ਼ਿਤ ਕੀਤਾ ਹੈ। ਲੇਖਿਕਾ ਦੇ ਜੀਵਨ ਤੇ ਰਚਨਾ ਦੇ ਵਿਭਿੰਨ ਪੱਖਾਂ ਨੂੰ ਡਾ. ਅਕਾਲ ਅੰਮ੍ਰਿਤ ਕੌਰ ਨੇ ਮੁਲਾਕਾਤ ਰਾਹੀਂ, ਮੇਜਰ ਮਾਂਗਟ ਨੇ ਆਪਣੇ ਲੇਖ ਰਾਹੀਂ ਤੇ ਨੀਰੂ ਗੁਪਤਾ ਨੇ ਉਨ੍ਹਾਂ ਦੀ ਸਵੈ ਜੀਵਨੀ ਆਧਾਰ ਬਣਾ ਕੇ ਬਾਖ਼ੂਬੀ ਉਜਾਗਰ ਕੀਤਾ ਹੈ। ਰਾਜ ਲਾਲੀ ਬਟਾਲਾ (ਅਮਰੀਕਾ), ਜ਼ਫ਼ਰ ਅਵਾਨ (ਡੈਨਮਾਰਕ), ਮਲਵਿੰਦਰ, ਸੁਖਿੰਦਰ, ਪ੍ਰਤੀਕ ਸਿੰਘ, ਸੁਖਪ੍ਰੀਤ ਬੱਡੋਂ (ਕੈਨੇਡਾ), ਪ੍ਰੇਮ ਪਾਲ ਸਿੰਘ (ਇਟਲੀ) ਦੀਆਂ ਕਵਿਤਾਵਾਂ, ਲੇਖ ਡਾ. ਰਣਜੀਤ ਸਿੰਘ ਅਤੇ ਰਾਜਪਾਲ ਬੋਪਾਰਾਏ, ਕਹਾਣੀ ਪਵਿੱਤਰ ਕੌਰ ਮਾਟੀ ਦੀ ਤੋਂ ਇਲਾਵਾ ਡਾ. ਬਲਜੀਤ ਕੌਰ ਰਿਆੜ ਨੇ ਮਲਵਿੰਦਰ ਰਚਿਤ ‘ਬਹਿਰ’: ਰਚਨਾਤਮਕ ਪਾਸਾਰ, ਤ੍ਰੈਲੋਚਨ ਲੋਚੀ ਨੇ ਹਸਤੀ ਵਿਚਲਾ ਚੀਰ: ਬਲਰਾਜ ਧਾਲੀਵਾਲ ਤੇ ਬਲਵਿੰਦਰ ਸਿੰਘ ਚਾਹਲ ਨੇ ਰੂਪ ਦਵਿੰਦਰ ਦਾ ਕਾਵਿ ਸੰਗ੍ਰਹਿ ‘ਮੌਨ ਦਾ ਅਨੁਵਾਦ’ ਪੁਸਤਕ ਦੀ ਆਲੋਚਨਾਤਮਕ ਪੱਖੋਂ ਨਿਰਖ ਪਰਖ ਕੀਤੀ ਹੈ। ਇੰਗਲੈਂਡ ਵੱਸਦੇ ਲੇਖਕ ਪ੍ਰੋ. ਰਣਜੀਤ ਧੀਰ ਨੇ ਲੇਖਕ ਸ਼ੇਰ ਜੰਗ ਜਾਂਗਲੀ ਦੀ ਵਿਅੰਗਕਾਰੀ ਬਾਰੇ ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ।