ਤਿਰਪਾਲਾਂ ‘ਗਾਇਬ’ ਹੋਣ ਦਾ ਮੁੱਦਾ: ਹਲਕਾ ਇੰਚਾਰਜ ਨੇ ਅਧਿਕਾਰੀਆਂ ’ਤੇ ਲਾਏ ਗੰਭੀਰ ਦੋਸ਼
ਇਸ ਦੌਰਾਨ ਹਲਕਾ ਦਾਖਾ ਇੰਚਾਰਜ ਡਾ. ਕੇਐੱਨਐੱਸ ਕੰਗ ਬੀਡੀਪੀਓ ਦਫ਼ਤਰ ਪਹੁੰਚ ਗਏ। ਉਨ੍ਹਾਂ ਸਿੱਧੇ ਰੂਪ ਵਿੱਚ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਏਐੱਫਐੱਸਓ ਵੱਲੋਂ ਕੁੱਲ 1780 ਤਿਰਪਾਲਾਂ ਸਿੱਧਵਾਂ ਬੇਟ ਬਲਾਕ ਨੂੰ ਭੇਜਣ ਦੀ ਜਾਣਕਾਰੀ ਦਿੰਦਿਆਂ ਰਿਕਾਰਡ ਜਨਤਕ ਕਰਦਿਆਂ ਦੱਸਿਆ ਕਿ ਕਿੰਨੀ ਤਰੀਕ ਨੂੰ ਕਿੰਨੀਆਂ ਤਿਰਪਾਲਾਂ ਆਈਆਂ। ਬੀਡੀਪੀਓ ਦਫ਼ਤਰ ਤੋਂ ਹਿਸਾਬ ਮੰਗਣ ’ਤੇ ਉਨ੍ਹਾਂ ਗੜਬੜੀ ਮਿਲਣ ਦੀ ਗੱਲ ਕਹੀ। ਡਾ. ਕੰਗ ਨੇ ਕਿਹਾ ਕਿ ਜਦੋਂ 900 ਤਿਰਪਾਲਾਂ ਦੀ ਸੂਚੀ ਚੈੱਕ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅੱਠ ਅਜਿਹੇ ਪਿੰਡਾਂ ਵਿੱਚ 350-400 ਤਿਰਪਾਲਾਂ ਵੰਡੀਆਂ ਦਿਖਾਈਆਂ ਹਨ ਜੋ ਬਲਾਕ ਸਿੱਧਵਾਂ ਬੇਟ ਵਿੱਚ ਆਉਂਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ‘ਆਪ’ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ ਅਤੇ ਬਲਕਾਰ ਸਿੰਘ ਨੂੰ ਸੂਚੀ ਵਿੱਚ 110 ਤਿਰਪਾਲ ਦਿੱਤੇ ਦਿਖਾਏ ਗਏ ਜਦਕਿ ਅਸਲ ਵਿੱਚ ਉਨ੍ਹਾਂ ਨੂੰ ਸਿਰਫ਼ 46 ਤਿਰਪਾਲਾਂ ਮਿਲੀਆਂ। ਭਮਾਲ ਪਿੰਡ ਦੇ ਹੈਪੀ ਨਾਂ ਦੇ ਵਿਅਕਤੀ ਨੂੰ ਸੂਚੀ ਵਿੱਚ 50 ਤਿਰਪਾਲਾਂ ਦਿੱਤੀਆਂ ਗਈਆਂ ਦਿਖਾਈਆਂ ਜਦਕਿ ਉਸਨੂੰ ਸਿਰਫ 27 ਤਿਰਪਾਲਾਂ ਦਿੱਤੀਆਂ। ਇਹ ਆਗੂ ਵੀ ਡਾ. ਕੰਗ ਦੇ ਨਾਲ ਮੌਜੂਦ ਸਨ। ਰੌਲਾ ਵਧਣ ’ਤੇ ਪਟਵਾਰੀ ਨੇ ਤਾਂ ਇਹ ਕਹਿ ਦਿੱਤਾ ਕਿ ਉਹ ਤਨਖ਼ਾਹ ਮਿਲਣ ’ਤੇ 50 ਹਜ਼ਾਰ ਦੀਆਂ ਤਿਰਪਾਲਾਂ ਖਰੀਦ ਕੇ ਲੋਕਾਂ ਨੂੰ ਵੰਡ ਦੇਵੇਗਾ।
ਬੀਡੀਪੀਓ ਨੇ ਦੋਸ਼ ਨਕਾਰੇ
ਬੀਡੀਪੀਓ ਗੁਰਵਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਧਰਨਾ ਦੇਣ ਵਾਲੇ ਲੋਕ ਬਲਾਕ ਜਗਰਾਉਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਉੱਥੋਂ ਹੀ ਮਿਲਣੀ ਹੈ ਜਦਕਿ ਧਰਨਾ ਉਹ ਸਿੱਧਵਾਂ ਬੇਟ ਵਿੱਚ ਲਾ ਰਹੇ ਹਨ।