ਈਸ਼ਰ ਮਾਈਕਰੋ ਮੀਡੀਆ ਕੌਮ ਲਈ ਅਣਮੁੱਲੀ ਦੇਣ: ਬੰਤਾ ਸਿੰਘ
ਪੱਤਰ ਪ੍ਰੇਰਕ
ਪਾਇਲ, 13 ਸਤੰਬਰ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਲਜਿੰਦਰ ਸਿੰਘ ਦੇ ਦੇਹਾਂਤ ਮਗਰੋਂ ਅੱਜ ਬਾਬਾ ਬੰਤਾ ਸਿੰਘ ਦਮਦਮੀ ਟਕਸਾਲ ਤੇ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲੇ ਇਥੇ ਬਾਬਾ ਅਮਰ ਸਿੰਘ ਭੋਰਾ ਸਾਹਿਬ ਅਤੇ ਟਰੱਸਟ ਦੇ ਸਮੂਹ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਬਾਬਾ ਬੰਤਾ ਸਿੰਘ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਨੇ ਜਿੱਥੇ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉੱਥੇ ਹੀ ਉਨ੍ਹਾਂ ਵੱਲੋਂ ਗੁਰਬਾਣੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਗਤ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਈਸ਼ਰ ਮਾਈਕਰੋ ਮੀਡੀਆ ਕੌਮ ਲਈ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਇੰਟਰਨੈੱਟ ਦੇ ਯੁੱਗ ਅੰਦਰ ਉਨ੍ਹਾਂ ਦੀ ਇਸ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਬਾ ਜੀਤ ਸਿੰਘ ਜੀ ਜੌਹਲਾਂ ਵਾਲਿਆਂ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਨੇ ਜਿੱਥੇ ਆਪਣੀ ਜ਼ਿੰਦਗੀ ਕੌਮ ਦੀ ਭਲਾਈ ਲਈ ਸਮਰਪਿਤ ਕੀਤੀ ਹੈ। ਇਸ ਸਮੇਂ ਬਾਬਾ ਬੰਤਾ ਸਿੰਘ ਦਮਦਮੀ ਟਕਸਾਲ ਅਤੇ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਸਿਰੋਪਾਓ ਅਤੇ ਦਸਤਾਰਾਂ ਭੇਟ ਕੀਤੀਆਂ। ਇਸ ਮੌਕੇ ਬਾਬਾ ਅਮਰ ਸਿੰਘ ਕਥਾਵਾਚਕ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਗਿਆਨੀ ਅਜਵਿੰਦਰ ਸਿੰਘ, ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ, ਹਜ਼ੂਰੀ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਭਾਈ ਬਾਵਾ ਸਿੰਘ, ਬਾਬਾ ਗੁਰਦਿਆਲ ਸਿੰਘ ਭੋਰਾ ਸਾਹਿਬ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ ਵੀ ਹਾਜ਼ਰ ਸਨ।