ਪ੍ਰਸ਼ਾਸਨ ਦੇ ਨਾ ਪੁੱਜਣ ਕਾਰਨ ਈਸੇਵਾਲ ਦਾ ਜ਼ਮੀਨੀ ਝਗੜਾ ਬਰਕਰਾਰ
ਕੰਪਨੀ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਰੋਕਿਆ ਸੀ ਕਿਸਾਨਾਂ ਨੇ
ਨੇੜਲੇ ਪਿੰਡ ਈਸੇਵਾਲ ਦਾ ਜ਼ਮੀਨ ਝਗੜਾ ਅੱਜ ਵੀ ਹੱਲ ਨਹੀਂ ਹੋ ਸਕਿਆ। ਪ੍ਰਸ਼ਾਸਨ ਦੇ ਸਮਾਂ ਦੇ ਕੇ ਵੀ ਅੱਜ ਮੌਕੇ ’ਤੇ ਨਾ ਪੁੱਜਣ ਕਰਕੇ ਮਸਲਾ ਜਿਉਂ ਦਾ ਤਿਉਂ ਹੈ। ਦੂਜੇ ਪਾਸੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਰਵੀਂ ਗਿਣਤੀ ਵਿੱਚ ਕਿਸਾਨ ਸਾਰਾ ਦਿਨ ਮੌਕੇ ’ਤੇ ਬੈਠੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਡੀਕਦੇ ਰਹੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੇ ਆਗੂਆਂ ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਅਮਨਦੀਪ ਸਿੰਘ ਲਲਤੋਂ, ਅਜੀਤ ਸਿੰਘ ਧਾਦਰਾਂ ਨੇ ਪਿੰਡ ਈਸੇਵਾਲ ਦੇ ਜ਼ਮੀਨੀ ਦੇ ਝਗੜੇ ਵਿੱਚ ਸਮਾਂ ਅਤੇ ਤਾਰੀਕ ਦੇ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾ ਪਹੁੰਚਣ ਦੀ ਜ਼ੋਰਦਾਰ ਨਿਖੇਧੀ ਕੀਤੀ। ਗੌਰਤਲਬ ਹੈ ਕਿ ਪਿੰਡ ਈਸੇਵਾਲ ਵਿੱਚ ਇਕ ਉੱਘੀ ਕੰਪਨੀ ਜ਼ਮੀਨ ਖਰੀਦ ਕੇ ਬਹੁਮੰਜ਼ਿਲਾ ਹਾਊਸਿੰਗ ਪ੍ਰਾਜੈਕਟ ਉਸਾਰ ਰਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਿਹੜੀ ਜ਼ਮੀਨ ਉਨ੍ਹਾਂ ਵੇਚੀ ਨਹੀਂ ਉਸ ’ਤੇ ਵੀ ਕਥਿਤ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਹੈ। ਇਸੇ ਕਰਕੇ ਕਿਸਾਨ ਜਥੇਬੰਦੀਆਂ ਵਿਰੋਧ ਵਿੱਚ ਨਿੱਤਰ ਆਈਆਂ ਜਿਸ ਕਰਕੇ ਪਹਿਲੇ ਦਿਨ ਕਬਜ਼ੇ ਵਾਲਾ ਕੰਮ ਰੋਕਣਾ ਪੈ ਗਿਆ। ਉਸ ਸਮੇਂ ਪਹੁੰਚੇ ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਅਤੇ ਨਾਇਬ ਤਹਿਸੀਲਦਾਰ ਨੇ ਦੋਹਾਂ ਧਿਰਾਂ ਨਾਲ ਸਹਿਮਤੀ ਬਣਾਈ ਅਤੇ ਅੱਜ ਮੁੜ ਇਕੱਠੇ ਹੋ ਕੇ ਮਿਣਤੀ ਲਈ ਸਮਾਂ ਮੁਕੱਰਰ ਕੀਤਾ ਸੀ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਤਾਂ ਪਹੁੰਚ ਗਏ ਪਰ ਸਾਰਾ ਦਿਨ ਉਡੀਕਣ ਦੇ ਬਾਵਜੂਦ ਕੋਈ ਅਧਿਕਾਰੀ ਜਾਂ ਕੰਪਨੀ ਦਾ ਮੁਲਾਜ਼ਮ ਨਹੀਂ ਪਹੁੰਚਿਆ। ਕਿਸਾਨ ਆਗੂਆਂ ਨੇ ਇਸ ਨੂੰ ਪ੍ਰਸ਼ਾਸਨ ਗੈਰਜ਼ਿੰਮੇਵਾਰਾਨਾ ਪਹੁੰਚ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅੰਦਰ ਇਸ ਕਰਕੇ ਰੋਸ ਹੈ ਅਤੇ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ। ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੋਨ ਕਰਕੇ ਕਿਸੇ ਹੋਰ ਦਿਨ ਮਿਣਤੀ ਕਰਕੇ ਮਸਲਾ ਨਿਬੇੜਨ ਦਾ ਸੁਨੇਹਾ ਭੇਜਿਆ ਜਿਸ ’ਤੇ ਕਿਸਾਨ ਆਗੂ ਮੌਕੇ ਤੋਂ ਚਲੇ ਗਏ। ਰਵਾਨਗੀ ਤੋਂ ਪਹਿਲਾਂ ਉਕਤ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮਸਲੇ ਦਾ ਸਹੀ ਤਰੀਕੇ ਹੱਲ ਨਾ ਕੱਢਿਆ ਗਿਆ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਕੰਪਨੀ ਦੀ ਹੋਵੇਗੀ। ਅੱਜ ਦੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਈਸੇਵਾਲ, ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ, ਤੀਰਥ ਸਿੰਘ ਤਲਵੰਡੀ, ਰਛਪਾਲ ਸਿੰਘ ਭਨੋਟ, ਸੱਤਾ ਦਾਖਾ, ਸੁਖਦੀਪ ਸਿੰਘ ਦਾਖਾ, ਸਤਪਾਲ ਸਿੰਘ ਪੱਤੀ ਮੁਲਤਾਨੀ ਹਾਜ਼ਰ ਸਨ।