ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਨਾਲ ਪੰਜਾਬ ’ਚ ਨਿਵੇਸ਼ ਵਧੇਗਾ: ਪਰਮਵੀਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਾਹੇਵੰਦ ਸਾਬਤ ਹੋਵੇਗੀ। ਮੁੱਖ ਮੰਤਰੀ ਨੇ ਪੁਰਜ਼ੋਰ ਮਿਹਨਤ ਨਾਲ ਪੰਜਾਬ ਨੂੰ ਦੁਬਾਰਾ ਲੀਹਾਂ ’ਤੇ ਲਿਆਉਣ ਲਈ ਦੇਸ਼ ਅਤੇ ਵਿਦੇਸ਼ ਦੇ ਸਨਅਤਕਾਰਾਂ ਅਤੇ ਵੱਡੀਆਂ ਕੰਪਨੀਆਂ ਨਾਲ ਸੰਪਰਕ ਸਥਾਪਿਤ ਕਰਕੇ ਪੰਜਾਬ ਵਿਚ ਨਿਵੇਸ਼ ਲਈ ਰਾਜ਼ੀ ਕੀਤਾ ਹੈ। ਜਪਾਨ ਦੀਆਂ ਨਾਮੀ ਕੰਪਨੀਆਂ ਨੇ ਪੰਜਾਬ ਵਿੱਚ ਕੰਮ ਕਰਨ ਲਈ ਇੱਛਾ ਜ਼ਾਹਿਰ ਕੀਤੀ ਹੈ ਅਤੇ ਮੁੱਖ ਮੰਤਰੀ ਤੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਜੀ ਦੀ ਹਾਜ਼ਰੀ ਵਿਚ ਮੈਮੋਰੰਡਮ ਤੇ ਦਸਤਖ਼ਤ ਕੀਤੇ ਹਨ। ਇਹ ਗੱਲਾਂ ਲੁਧਿਆਣਾ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਨੇ ਕਹੀਆਂ। ਉਨ੍ਹਾਂ ਕਿਹਾ ਕਿ ਜ਼ਮੀਨੀ ਤੌਰ ’ਤੇ ਉਦਯੋਗ ਸਥਾਪਿਤ ਕਰਨ ਲਈ ਬਹੁਤ ਸੌਖੇ ਤਰੀਕੇ ਦੇ ਨਿਯਮ ਤੇ ਨੀਤੀ ਨਾਲ ਸਨਅਤਕਾਰ ਪੰਜਾਬ ਵਿਚ ਉਦਯੋਗ ਦੀ ਸ਼ੁਰੂਆਤ ਕਰ ਸਕਦੇ ਹਨ। ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨਸ਼ੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਾਨੂੰਨ ਅਤੇ ਵਿਧੀ ਬਣਾਈ ਹੈ ਉਸ ਨਾਲ ਪੰਜਾਬ ਵਿਚ ਕੰਮ ਕਾਰਨ ਲਈ ਸੁਖਾਲਾ ਮਾਹੌਲ ਸਿਰਜਿਆ ਹੈ। ਪਿਛਲੇ ਸਮੇਂ ਵਿਚ ਸੂਬੇ ਤੋਂ ਬਾਹਰ ਗਈ ਇੰਡਸਟਰੀ ਵੀ ਵਾਪਸ ਆ ਰਹੀ ਹੈ। ਉਦਯੋਗ ਤੇ ਵਪਾਰ ਦੇ ਵਧਣ ਨਾਲ ਨੌਜਵਾਨ ਵਰਗ ਨੂੰ ਰੁਜ਼ਗਾਰ ਦੇ ਮੌਕੇ ਵੱਧ ਰਹੇ ਹਨ।
