ਅੰਤਰ ਪੌਲੀਟੈਕਨਿਕ ਖੇਡਾਂ: ਖੋ-ਖੋ ’ਚ ਸਰਕਾਰੀ ਬਹੁਤਕਨੀਕੀ ਕਾਲਜ ਦੀ ਝੰਡੀ
ਪੰਜਾਬ ਟੈਕਨੀਕਲ ਸਪੋਰਟਸ ਇੰਸਟੀਚਿਊਟ ਵੱਲੋਂ ਪੰਜਾਬੀ ਦੇ ਸਰਕਾਰੀ ਅਤੇ ਪ੍ਰਾਈਵੇਟ ਪੌਲੀਟੈਕਨਿਕ ਕਾਲਜਾਂ ਦੇ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ ਪੌਲੀਟੈਕਨਿਕ ਕਾਲਜ ਵਿੱਚ ਚੱਲ ਰਹੇ ਖੇਡ ਮੁਕਾਬਲਿਆਂ ਦੇ ਅੱਜ ਦੂਜੇ ਅਤੇ ਆਖਰੀ ਦਿਨ ਲੀਗ ਮੈਚ ਹੋਏ। ਮੁਕਾਬਲਿਆਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਦੀ ਲੜਕਿਆਂ ਦੀ ਟੀਮ ਨੇ ਖੋ-ਖੋ ਵਿੱਚ ਸੋਨੇ ਦਾ ਮੈਡਲ ਜਿੱਤ ’ਤੇ ਆਪਣੀ ਵਧੀਆ ਖੇਡ ਦਾ ਲੋਹਾ ਮਨਵਾਇਆ। ਖੇਡਾਂ ਦੇ ਅੱਜ ਆਖਰੀ ਦਿਨ ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੁਰਾ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅੱਜ ਹੋਏ ਮੈਚਾਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਤੀਜੇ ਸਥਾਨ ’ਤੇ ਸਰਕਾਰੀ ਬਹੁਤਕਨੀਕੀ ਕਾਲਜ ਜਲੰਧਰ ਦੀ ਟੀਮ ਰਹੀ। ਟੀਮ ਨੂੰ ਕਾਂਸੀ ਦਾ ਤਗਮਾ ਹਾਸਲ ਹੋਇਆ। ਇਸ ਤੋਂ ਇਲਾਵਾ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਟੇਬਲ ਟੈਨਿਸ ਲੜਕੀਆਂ, ਖੋ-ਖੋ ਲੜਕੀਆਂ, ਹੈਂਡਬਾਲ ਲੜਕੇ ਅਤੇ ਕਬੱਡੀ ਲੜਕੇ ਵਿੱਚ ਚਾਂਦੀ ਦੇ ਤਗਮੇ ਹਾਸਲ ਕੀਤੇ।
ਇਸ ਤੋਂ ਪਹਿਲਾਂ ਕਾਲਜ ਦੇ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਅਤੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਲੇਪਰੇ ਚੜ੍ਹਾਉਣ ਲਈ ਪ੍ਰਧਾਨ ਵਿਦਿਆਰਥੀ ਮਾਮਲੇ ਕੁਲਵਿੰਦਰ ਸਿੰਘ, ਐਸਆਰਸੀ ਸੈਕਟਰੀ ਹਰਨੀਤ ਕੌਰ, ਸਪੋਰਟਸ ਅਫਸਰ ਪ੍ਰੋ. ਲਖਵੀਰ ਸਿਘ ਸਮੇਤ ਕਾਲਜ ਦੀਆਂ ਸਮੂਹ ਟੀਮਾਂ ਦੇ ਇੰਚਾਰਜ, ਵਿਭਾਗਾਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਨੇ ਅਹਿਮ ਯੋਗਦਾਨ ਪਾਇਆ ਹੈ।
 
 
             
            