ਅੰਤਰ-ਕਾਲਜ ਬੈਡਮਿੰਟਨ ਮੁਕਾਬਲੇ: ਖੇਤੀਬਾੜੀ ਕਾਲਜ ਨੇ ਪਹਿਲਾ ਸਥਾਨ ਮੱਲਿਆ
ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਕਰਵਾਏ ਅੰਤਰ ਕਾਲਜ ਬੈਡਮਿੰਟਨ ਮੁਕਾਬਲੇ ਦੌਰਾਨ ਲੜਕਿਆਂ ਦੇ ਵਰਗ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ਼ ਡਾ. ਗੁਰਜੀਤ ਸਿੰਘ ਮਾਂਗਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਕੱਤਰ ਖਿਡਾਰੀ ਵਿਦਿਆਰਥੀਆਂ, ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਪੀ ਏ ਯੂ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਪ੍ਰਾਪਤੀਆਂ ਕੀਤੀਆਂ ਹਨ। ਡਾ. ਮਾਂਗਟ ਨੇ ਇਸ ਮੁਕਾਬਲੇ ਵਿੱਚ ਜਿੱਤਣ ਵਾਲੇ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਿਰਫ ਟੂਰਨਾਮੈਂਟ ਵੇਲੇ ਹੀ ਨਹੀਂ ਸਗੋਂ ਖੇਡਾਂ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਡਾ. ਮਾਂਗਟ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਵਿਸ਼ੇਸ਼ ਇਨਾਮ ਵੀ ਦਿੱਤੇ।
ਇਸ ਅੰਤਰ ਕਾਲਜ ਮੁਕਾਬਲੇ ਵਿੱਚ ਮੰਡਿਆਂ ਦੇ ਵਰਗ ਵਿੱਚ ਖੇਤੀਬਾੜੀ ਕਾਲਜ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਬਾਗਵਾਨੀ ਕਾਲਜ ਨੂੰ ਦੂਸਰਾ ਅਤੇ ਇੰਜਨੀਅਰਿੰਗ ਕਾਲਜ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕੁੜੀਆਂ ਦੇ ਵਰਗ ਵਿੱਚ ਵੀ ਖੇਤੀਬਾੜੀ ਕਾਲਜ ਪਹਿਲੇ, ਬਾਗਬਾਨੀ ਕਾਲਜ ਦੂਸਰੇ ਅਤੇ ਇੰਜਨੀਅਰਿੰਗ ਕਾਲਜ ਤੀਸਰੇ ਸਥਾਨ ’ਤੇ ਰਿਹਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਬੈਡਮਿੰਟਨ ਇੱਕ ਅਜਿਹੀ ਖੇਡ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਕਸਰਤ ਹੁੰਦੀ ਹੈ। ਸਵਾਗਤੀ ਸ਼ਬਦਾਂ ਦੌਰਾਨ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਇਸ ਮੌਕੇ ਚੀਫ ਵਾਰਡਨ ਹੋਸਟਲ ਡਾ. ਧਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਡਾ. ਕਮਲਜੀਤ ਕੌਰ, ਡਾ. ਪਰਮਵੀਰ ਸਿੰਘ ਗਰੇਵਾਲ, ਡਾ. ਸੁਖਵੀਰ ਸਿੰਘ ਅਤੇ ਕੋਚ ਗੁਰਤੇਗ ਸਿੰਘ ਹਾਜ਼ਰ ਸਨ।
