ਗੁਰਬਾਣੀ ਅਨੁਸਾਰ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ
ਝਾਡ਼ ਸਾਹਿਬ ਕਾਲਜ ’ਚ ਧਾਰਮਿਕ ਲੈਕਚਰ
Advertisement
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿੱਚ ਗੁਰੂ ਤੇਗ ਬਹਾਦਰ, ਭਾਈ ਦਿਆਲਾ, ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਦੇ 350 ਸਾਲਾ ਸ਼ਹੀਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਕਾਲਜ ਦੇ ਧਰਮ ਅਧਿਐਨ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਲੈਕਚਰ ਦੌਰਾਨ ਮੁੱਖ ਬੁਲਾਰੇ ਜਸਵਿੰਦਰ ਸਿੰਘ ਖਾਲਸਾ, ‘ਐਜੂਕੇਟ ਪੰਜਾਬ’ ਪ੍ਰਾਜੈਕਟ ਵਾਲਿਆਂ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਦੀਆਂ ਪ੍ਰੇਰਨਾਦਾਇਕ ਘਟਨਾਵਾਂ ਬਾਰੇ ਦੱਸ ਕੇ ਗੁਰਬਾਣੀ ਅਨੁਸਾਰ ਦਰਸਾਏ ਮਾਰਗ ਦੇ ਪਾਂਧੀ ਬਣਨ ਅਤੇ ਗੁਰਬਾਣੀ ਵਿੱਚ ਦ੍ਰਿੜ ਕਰਵਾਈ ਜੀਵਨ ਜਾਚ ਅਪਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨਿੱਤਨੇਮ ਕਰਨ ਤੋਂ ਇਲਾਵਾ ਬਾਣੀ ਦੇ ਸ੍ਰੀ ਸਹਿਜ ਪਾਠ ਵੀ ਰੋਜ਼ਾਨਾ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਗੁਰਬਾਣੀ ਸਿਧਾਂਤਾਂ ਅਨੁਸਾਰ ਚੱਲਣ ਦੀ ਹਾਮੀ ਵੀ ਭਰੀ। ਕਾਲਜ ਪ੍ਰਿੰ. ਡਾ. ਰਜਿੰਦਰ ਕੌਰ ਨੇ ਕਿਹਾ ਕਿ ਗੁਰਬਾਣੀ ਵਿੱਚ ਮਨੁੱਖ ਦੀਆਂ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਦਰਸਾਇਆ ਗਿਆ ਹੈ। ਉਨ੍ਹਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕਰਨ, ਕੁਰੀਤੀਆਂ ਤੋਂ ਬਚਣ ਲਈ ਅਜਿਹੇ ਲੈਕਚਰ ਕਰਵਾਉਣ ਨੂੰ ਜ਼ਰੂਰੀ ਦੱਸਿਆ। ਐਜੂਕੇਟ ਪੰਜਾਬ ਪ੍ਰਾਜੈਕਟ ਵੱਲੋਂ ਇਲਾਕਾ ਇੰਚਾਰਜ ਕੁਲਦੀਪ ਸਿੰਘ ਨੇ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਗੁਰਬਾਣੀ ਨਾਲ ਜੁੜੀਆਂ ਲੋੜਵੰਦ ਵਿਦਿਆਰਥਣਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਡਾ. ਰਣਜੀਤ ਕੌਰ (ਹੋਮ ਸਾਇੰਸ ਵਿਭਾਗ) ਨੇ ਮੁੱਖ ਬੁਲਾਰੇ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Advertisement
Advertisement