ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੁਆਂਖੀ ਧੁੰਦ ਕਾਰਨ ਸਨਅਤੀ ਸ਼ਹਿਰ ਵਾਸੀ ਪ੍ਰੇਸ਼ਾਨ

ਦੋ ਪਹੀਆ ਵਾਹਨ ਚਾਲਕਾਂ ਨੂੰ ਹੁੰਦੀ ਹੈ ਵੱਧ ਪ੍ਰੇਸ਼ਾਨੀ; ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਰਗੀਅਾਂ ਸਮੱਸਿਅਾਵਾਂ ’ਚ ਵਾਧਾ
Advertisement

ਇਥੇ ਸਵੇਰ ਸਮੇਂ ਪੱਸਰੀ ਸੰਘਣੀ ਧੁਆਂਖੀ ਧੁੰਦ ਕਾਰਨ ਸਨਅਤੀ ਸ਼ਹਿਰ ਦੇ ਵਸਨੀਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਸਫਰ ਕਰਨ ਵੇਲੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਸਵੇਰੇ-ਸ਼ਾਮ ਪੱਸਰੀ ਸੰਘਣੀ ਧੁਆਂਖੀ ਧੁੰਦ ਕਾਰਨ ਕਈ ਲੋਕਾਂ ਨੂੰ ਅੱਖਾਂ ਵਿੱਚ ਜਲਣ ਤੇ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ’ਚ ਦਿੱਕਤ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਸਨਅਤੀ ਸ਼ਹਿਰ ਵਿੱਚ ਭਾਵੇਂ ਰਾਤ ਤੇ ਸਵੇਰ ਸਮੇਂ ਮੌਸਮ ਕੁਝ ਠੰਢਾ ਹੁੰਦਾ ਹੈ ਪਰ ਦੁਪਹਿਰ ਵੇਲੇ ਤਾਪਮਾਨ ਵਿੱਚ ਕੋਈ ਬਹੁਤੀ ਕਮੀ ਦਿਖਾਈ ਨਹੀਂ ਦੇ ਰਹੀ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਜ਼ਿਲ੍ਹਿਆਂ ਨਾਲੋਂ ਹਮੇਸ਼ਾ ਗਰਮ ਰਹਿਣ ਵਾਲਾ ਸਨਅਤੀ ਸ਼ਹਿਰ ਲੁਧਿਆਣਾ ਠੰਢ ਦੇ ਮੌਸਮ ਵਿੱਚ ਵੀ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਕਈ ਦਿਨਾਂ ਤੋਂ ਅਕਾਸ਼ ਵਿੱਚ ਸਵੇਰੇ-ਸ਼ਾਮ ਫੈਲਿਆ ਸੰਘਣੀ ਧੁਆਂਖੀ ਧੁੰਦ, ਧੁੰਦ ਹੋਣ ਦਾ ਭੁਲੇਖਾ ਪਾ ਰਿਹਾ ਹੈ। ਇਸ ਧੂੰਏਂ ਕਾਰਨ ਸ਼ਹਿਰ ਤੇ ਦੂਰ-ਦੁਰਾਡੇ ਦੀਆਂ ਸੜਕਾਂ ’ਤੇ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਧੂੰਆਂ ਡਾਇੰਗਾਂ, ਸਨਅਤੀ ਇਕਾਈਆਂ, ਕੂੜੇ ਦੇ ਢੇਰਾਂ ਅਤੇ ਕਈ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਾਈ ਪਰਾਲੀ ਨੂੰ ਅੱਗ ਕਾਰਨ ਫੈਲ ਰਿਹਾ ਹੈ। ਹਵਾ ਨਾ-ਮਾਤਰ ਹੋਣ ਕਰਕੇ ਇਹ ਧੂੰਆਂ ਉੱਚਾ ਉੱਡਣ ਦੀ ਥਾਂ ਨੀਵਾਂ ਰਹਿ ਕੇ ਲੋਕਾਂ ਨੂੰ ਨਾ ਸਿਰਫ ਪ੍ਰੇਸ਼ਾਨ ਕਰ ਰਿਹਾ ਸਗੋਂ ਉਨ੍ਹਾਂ ਦੇ ਕੱਪੜੇ ਤੇ ਘਰ ਵੀ ਕਾਲੇ ਕਰ ਰਿਹਾ ਹੈ। ਅੱਜ ਲੁਧਿਆਣਾ ਵਿੱਚ ਘੱਟ ਤੋਂ ਘੱਟ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਪਰ ਦਿਨ ਸਮੇਂ ਇਹ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਉੱਚਾ ਪਹੁੰਚ ਗਿਆ। ਇਸ ਕਰਕੇ ਠੰਢ ਦੇ ਦਿਨ ਹੋਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਲੱਗਣੀ ਸ਼ੁਰੂ ਹੋ ਗਈ। ਜੇ ਪੀਏਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਸਾਫ ਅਤੇ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਹੈ। ਅੱਜ ਸਵੇਰ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 91 ਫੀਸਦੀ ਅਤੇ ਸ਼ਾਮ ਨੂੰ 35 ਫੀਸਦੀ ਦਰਜ ਕੀਤੀ ਗਈ ਹੈ। ਅੱਜ ਦਾ ਦਿਨ 10 ਘੰਟੇ 53 ਮਿੰਟ ਦਾ ਰਿਹਾ।

ਮਹਿਰਾਂ ਵੱਲੋਂ ਐਨਕਾਂ ਲਗਾ ਕੇ ਰੱਖਣ ਦੀ ਸਲਾਹ

Advertisement

ਮਾਹਿਰ ਡਾਕਟਰਾਂ ਅਨੁਸਾਰ ਇਸ ਧੁਆਂਖੀ ਧੁੰਦ ਕਾਰਨ ਅੱਖਾਂ ਵਿੱਚ ਜਲਣ ਹੋਣ ਤੋਂ ਬਾਅਦ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਚਾਅ ਲਈ ਘਰਾਂ ਤੋਂ ਬਾਹਰ ਜਾਣ ਸਮੇਂ ਅੱਖਾਂ ’ਤੇ ਐਨਕ ਲਗਾਉਣ ਅਤੇ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾ ਕੇ ਰੱਖਣ ਦੀ ਹਦਾਇਤ ਕੀਤੀ।

 

Advertisement
Show comments