ਆਮਦਨ ਕਰ ਵਿਭਾਗ ਕਸੇਗਾ ਨਿਗਮ ਦੇ ਠੇਕੇਦਾਰਾਂ ’ਤੇ ਸ਼ਿਕੰਜਾ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਵਿਕਾਸ ਕਾਰਜ ਕਰਨ ਵਾਲੇ ਠੇਕੇਦਾਰਾਂ ’ਤੇ ਹੁਣ ਆਮਦਨ ਕਰ ਵਿਭਾਗ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ। ਆਮਦਨ ਕਰ ਵਿਭਾਗ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਠੇਕੇਦਾਰਾਂ ਵੱਲੋਂ ਵਿਕਾਸ ਕਾਰਜਾਂ ਦੀ ਸਾਰੀ ਜਾਣਕਾਰੀ ਮੰਗ ਲਈ ਹੈ। ਇਸ ਦੇ ਨਾਲ ਹੀ ਹੁਣ ਤੱਕ ਕਿੰਨੇ ਕਰੋੜ ਰੁਪਏ ਦੇ ਕਿਹੜਾ ਠੇਕੇਦਾਰ ਜਾਂ ਕੰਪਨੀ ਕੰਮ ਕਰ ਚੁੱਕੀ ਹੈ, ਉਸ ਦੀ ਵੀ ਸਾਰੀ ਜਾਣਕਾਰੀ ਇਸ ਚਿੱਠੀ ਰਾਹੀਂ ਮੰਗੀ ਗਈ ਹੈ। ਉਧਰ, ਚਿੱਠੀ ਮਿਲਣ ਤੋਂ ਬਾਅਦ ਠੇਕੇਦਾਰਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਨਿਗਮ ਅਧਿਕਾਰੀਆਂ ਨੇ ਇਸ ਚਿੱਠੀ ਦੇ ਆਧਾਰ ’ਤੇ ਡੀ ਸੀ ਐੱਫ ਏ ਨੂੰ ਸਾਰੀ ਡਿਟੇਲ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ 1000 ਕਰੋੜ ਤੋਂ ਵੱਧ ਬਜਟ ਵਾਲੇ ਨਗਰ ਨਿਗਮ ਲੁਧਿਆਣਾ ਵਿੱਚ ਹਰ ਸਾਲ 300 ਤੋਂ 400 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾਂਦਾ ਹੈ। ਇਨ੍ਹਾਂ ਵਿਕਾਸ ਕਾਰਜਾਂ ਨੂੰ ਕਰਨ ਵਾਲੇ ਵੱਖ-ਵੱਖ ਠੇਕੇਦਾਰ ਤੇ ਵੱਖ-ਵੱਖ ਉਸਾਰੀ ਕੰਪਨੀਆਂ ਹਨ, ਜੋ ਕਿ ਲੰਮੇ ਸਮੇਂ ਤੋਂ ਨਗਰ ਨਿਗਮ ਦੇ ਨਾਲ ਕੰਮ ਕਰ ਰਹੀਆਂ ਹਨ। ਸਾਰੇ ਹੀ ਠੇਕੇਦਾਰ ਟੈਂਡਰਾਂ ਰਾਹੀਂ ਆਪਣੇ ਆਪਣੇ ਕੰਮ ਹਾਸਲ ਕਰਦੇ ਹਨ ਤੇ ਉਸ ਤੋਂ ਬਾਅਦ ਬਿੱਲ ਬਣਾ ਕੇ ਨਗਰ ਨਿਗਮ ਕੋਲੋਂ ਪੈਸੇ ਲੈਂਦੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਆਮਦਨ ਕਰ ਵਿਭਾਗ ਨੇ ਨਗਰ ਨਿਗਮ ਤੋਂ ਸੜਕ ਨਿਰਮਾਣ ਦੇ ਠੇਕਿਆਂ ਸਬੰਧੀ ਸਾਰੀ ਜਾਣਕਾਰੀ ਮੰਗੀ ਹੈ। ਵਿਭਾਗ ਨੇ ਨਿਗਮ ਨੂੰ ਉਨ੍ਹਾਂ ਸਾਰੇ ਠੇਕੇਦਾਰਾਂ ਦਾ ਰਿਕਾਰਡ ਮੁਹੱਈਆ ਕਰਵਾਉਣ ਲਈ ਕਿਹਾ ਹੈ, ਜਿਨ੍ਹਾਂ ਨੂੰ ਸੜਕ ਨਿਰਮਾਣ ਜਾਂ ਮੁਰੰਮਤ ਲਈ ਠੇਕੇ ਦਿੱਤੇ ਗਏ ਹਨ। ਉਨ੍ਹਾਂ ਨੂੰ ਕੀਤੇ ਗਏ ਭੁਗਤਾਨਾਂ, ਚੱਲ ਰਹੇ ਅਤੇ ਪੂਰੇ ਹੋਏ ਪ੍ਰਾਜੈਕਟਾਂ ਦੇ ਵੇਰਵੇ ਦੇਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਜਾਂਚ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਿਗਮ ਦੇ ਸਾਰੇ ਲੈਣ-ਦੇਣ ਪਾਰਦਰਸ਼ੀ ਤਰੀਕੇ ਦੇ ਨਾਲ ਹੋ ਰਹੇ ਹਨ ਜਾਂ ਨਹੀਂ ਅਤੇ ਠੇਕੇਦਾਰਾਂ ਨੇ ਆਮਦਨ ਕਰ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾ ਕਰ ਰਿਹਾ ਹੈ ਜਾਂ ਨਹੀਂ। ਵਿਭਾਗ ਇਹ ਵੀ ਜਾਂਚ ਕਰੇਗਾ ਕਿ ਠੇਕੇਦਾਰ ਨੇ ਨਗਰ ਨਿਗਮ ਦੁਆਰਾ ਕੰਮ ਲਈ ਅਦਾ ਕੀਤੀ ਗਈ ਆਮਦਨ ਦੇ ਅਨੁਸਾਰ ਆਮਦਨ ਕਰ ਰਿਟਰਨ ਸਹੀ ਢੰਗ ਨਾਲ ਭਰੀ ਹੈ ਜਾਂ ਨਹੀਂ। ਲੁਧਿਆਣਾ ਦੇ ਆਮਦਨ ਕਰ ਵਿਭਾਗ ਵੱਲੋਂ ਇਸ ਸਬੰਧੀ ਇਹ ਪੱਤਰ ਜਾਰੀ ਕੀਤਾ ਗਿਆ ਹੈ। ਆਮਦਨ ਕਰ ਵਿਭਾਗ ਨੇ ਨਗਰ ਨਿਗਮ ਦੀ ਬੀ ਐਂਡ ਆਰ ਸ਼ਾਖਾ ਨੂੰ ਸਾਰੇ ਠੇਕੇਦਾਰਾਂ ਦਾ ਰਿਕਾਰਡ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਆਮਦਨ ਕਰ ਵਿਭਾਗ ਵੱਲੋਂ ਨਗਰ ਨਿਗਮ ਤੋਂ ਠੇਕੇਦਾਰਾਂ ਦੇ ਨਾਮ, ਵੰਡੀ ਗਈ ਰਕਮ, ਪ੍ਰਾਜੈਕਟਾਂ ਨਾਲ ਸਬੰਧਤ ਦਸਤਾਵੇਜ (ਜਿਵੇਂ ਕਿ ਪੈਨ ਕਾਰਡ, ਆਧਾਰ ਕਾਰਡ, ਬੈਂਕ ਸਟੇਟਮੈਂਟ, ਟੈਂਡਰ ਪੇਪਰ ਆਦਿ) ਦੇ ਨਾਲ-ਨਾਲ ਬਲੈਕ ਲਿਸਟ ਕੀਤੇ ਗਏ ਸਾਰੇ ਠੇਕੇਦਾਰਾਂ ਦੀ ਸੂਚੀ ਵੀ ਮੰਗੀ ਹੈ, ਨਾਲ ਹੀ ਕਿਸੇ ਵੀ ਵਿਭਾਗੀ ਜਾਂਚ ਕਮੇਟੀ ਦੁਆਰਾ ਤਿਆਰ ਕੀਤੀ ਗਈ ਅੰਤਿਮ ਰਿਪੋਰਟ ਵੀ ਮੰਗੀ ਗਈ ਹੈ। ਇਸ ਸਬੰਧੀ ਸੁਪਰਡੈਂਟ ਇੰਜੀਨੀਅਰ (ਬੀ ਐਂਡ ਆਰ) ਸ਼ਾਮ ਲਾਲ ਗੁਪਤਾ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਤੋਂ ਇੱਕ ਪੱਤਰ ਹਾਸਲ ਹੋਇਆ ਹੈ। ਜਿਸ ਵਿੱਚ ਠੇਕੇਦਾਰਾਂ ਨੂੰ ਕੀਤੇ ਗਏ ਭੁਗਤਾਨਾਂ ਅਤੇ ਟੈਂਡਰਾਂ ਬਾਰੇ ਜਾਣਕਾਰੀ ਮੰਗੀ ਗਈ ਹੈ। ਡੀ ਸੀ ਐੱਫ ਏ ਨੂੰ ਇਸ ਪੱਤਰ ਦੇ ਆਧਾਰ ’ਤੇ ਸਾਰੀ ਜਾਣਕਾਰੀ ਤਿਆਰ ਕਰਨ ਲਈ ਕਿਹਾ ਗਿਆ ਹੈ।
