ਆਉਣ ਵਾਲੇ ਸਮੇਂ ’ਚ ਖੰਨਾ ਦੀ ਹਰ ਗਲੀ ਤੇ ਸੜਕ ਪੱਕੀ ਹੋਵੇਗੀ: ਸੌਂਦ
ਇਥੋਂ ਦੇ ਵਾਰਡ ਨੰਬਰ-17 ਕਰਤਾਰ ਨਗਰ ਵਿੱਚ ਅੱਜ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 42.95 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ 5 ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾ ਕੇ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਾਰਡ ਦੀਆਂ ਇਨ੍ਹਾਂ ਗਲੀਆਂ ਦੀ ਕਰੀਬ 15-20 ਸਾਲ ਤੋਂ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਅਤੇ ਗਲੀਆਂ ਕੱਚੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਕੌਂਸਲਰ ਸੁਰਿੰਦਰ ਬਾਵਾ ਦੇ ਯਤਨਾਂ ਸਦਕਾ ਇਨ੍ਹਾਂ 5 ਗਲੀਆਂ ਦੇ ਟੈਂਡਰ ਲਵਾ ਕੇ ਇਨ੍ਹਾਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਵਾ ਕੇ ਇਨ੍ਹਾਂ ਨੂੰ ਪੱਕੀਆਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਤੇ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਹਰ ਗਲੀ, ਸੜਕ ਨੂੰ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਸੌਂਦ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਆਪ’ ਸਰਕਾਰ ਤੇ ਭਰੋਸਾ ਕੀਤਾ ਹੈ ਇਸ ਲਈ ਹੁਣ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦਾ ਇਲਾਕਾ ਸਿਹਤ, ਸਿੱਖਿਆ ਅਤੇ ਵਿਕਾਸ ਪੱਖੋਂ ਬੁਲੰਦੀਆਂ ’ਤੇ ਪੁੱਜੇ। ਇਸ ਮੌਕੇ ਕੌਂਸਲਰ ਪਰਮਪ੍ਰੀਤ ਸਿੰਘ, ਅਵਤਾਰ ਸਿੰਘ ਮਾਨ, ਕਰਨ ਅਰੋੜਾ, ਮਨਰੀਤ ਸਿੰਘ ਨਾਗਰਾ, ਕੁਲਵੰਤ ਸਿੰਘ ਮਹਿਮੀ, ਅਮਿਤ ਮਿੱਤਲ, ਹਰੀਸ਼ ਗੁਪਤਾ, ਹਰਪ੍ਰੀਤ ਪ੍ਰਿੰਸ, ਅਮਰਿੰਦਰ ਸਿੰਘ ਚਹਿਲ, ਗੌਰਵ ਮੋਦਗਿੱਲ ਹਾਜ਼ਰ ਸਨ।