ਨਗਰ ਕੌਂਸਲ ਦੀ ਮੀਟਿੰਗ ’ਚ ਅਹਿਮ ਮਤੇ ਪਾਸ
ਨਗਰ ਕੌਂਸਲ ਮਾਛੀਵਾੜਾ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਬਲੀਬੇਗ ਬਸਤੀ ਵਿੱਚ ਰਹਿੰਦੇ ਸੈਂਕੜੇ ਹੀ ਛੋਟੇ-ਛੋਟੇ ਬੱਚੇ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਲਈ ਰੋਜ਼ਾਨਾ 2 ਕਿਲੋਮੀਟਰ ਦੂਰ ਪੈਦਲ ਪੈਂਡਾ ਤੈਅ ਕਰਕੇ ਸਕੂਲ ਜਾਂਦੇ ਹਨ। ਸਿੱਖਿਆ ਵਿਭਾਗ ਵੱਲੋਂ ਇਹ ਤਜਵੀਜ ਪੇਸ਼ ਕੀਤੀ ਗਈ ਕਿ ਜੇ ਨਗਰ ਕੌਂਸਲ ਬਸਤੀ ਨੇੜੇ 4 ਕਨਾਲ ਜਗ੍ਹਾ ਮੁਹੱਈਆ ਕਰਵਾ ਦੇਵੇ ਤਾਂ ਇੱਥੇ ਸਰਕਾਰ ਸਕੂਲ ਖੋਲ੍ਹ ਦਿੱਤਾ ਜਾਵੇਗਾ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਇਸ ਲਈ ਬਲੀਬੇਗ ਬਸਤੀ ਨੇੜੇ ਜੋ ਨਗਰ ਕੌਂਸਲ ਦੀ ਸ਼ਾਮਲਾਤ ਜਮੀਨ ਪਈ ਹੈ ਉਸ ’ਚੋਂ 4 ਕਨਾਲ ਜਗ੍ਹਾ ਸਰਕਾਰ ਸਕੂਲ ਖੋਲ੍ਹਣ ਲਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਸਕੂਲ ਖੁੱਲ੍ਹਣ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਮੀਟਿੰਗ ’ਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ 35 ਸਫ਼ਾਈ ਸੇਵਕ ਅਤੇ 3 ਸੀਵਰਮੈਨ ਜਿਨ੍ਹਾਂ ਦਾ 1 ਸਾਲ ਦਾ ਠੇਕਾ ਖਤਮ ਹੋ ਗਿਆ ਹੈ ਉਸ ਨੂੰ ਰਿਨੀਊ ਕੀਤਾ ਜਾਵੇਗਾ। ਸ਼ਹਿਰ ਦੇ ਵਿਕਾਸ ਲਈ ਕਰੀਬ 41 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਮਤੇ ਵੀ ਪਾਸ ਕੀਤੇ ਗਏ।
ਨਾਜਾਇਜ਼ ਕਬਜੇ ਹਟਾਉਣ ਲਈ ਪੀਲੀ ਪੱਟੀ ਲਾਗੂ ਕੀਤੀ ਜਾਵੇਗੀ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਕੁਝ ਸਾਮਾਨ ਲਗਾਉਣ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਦੁਕਾਨਦਾਰ ਆਪਣੇ ਨਾਜਾਇਜ਼ ਕਬਜੇ ਹਟਾ ਲੈਣ ਨਹੀਂ ਤਾਂ ਫਿਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਟਾਫ਼ ਨੂੰ ਹਦਾਇਤ ਕਰ ਦਿੱਤੀ ਹੈ ਕਿ ਜੇ ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਕਿਸੇ ਨੇ ਨਾਜਾਇਜ਼ ਕਬਜਾ ਕੀਤਾ ਹੈ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਚਰਨ ਕੰਵਲ ਚੌਕ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਤੱਕ ਸੀਸੀ ਫਲੋਰਿੰਗ ਸੜਕ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇੱਥੇ ਵੀ ਪੀਲੀ ਪੱਟੀ ਲਾਗੂ ਕੀਤੀ ਜਾਵੇਗੀ ਤਾਂ ਜੋ ਦੁਕਾਨਦਾਰ ਬਾਹਰ ਤੱਕ ਨਾਜਾਇਜ਼ ਕਬਜਾ ਨਾ ਕਰੇ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕਾਂ ਦੀ ਭੰਨਤੋੜ ਕਰਕੇ ਪਾਈਪਾਂ ਲਗਾਈਆਂ ਜਾਂਦੀਆਂ ਹਨ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇ ਕਰ ਕਿਸੇ ਨੇ ਸੜਕਾਂ ਵਿਚ ਪਾਈਪ ਗੱਡਣ ਲਈ ਭੰਨ੍ਹਤੋੜ ਕੀਤੀ ਤਾਂ ਉਸ ਨੂੰ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ।
