ਨਾਜਾਇਜ਼ ਉਸਾਰੀ ਰੁਕਵਾਈ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸਮਰਾਲਾ ਰੋਡ ’ਤੇ ਨਾਜਾਇਜ਼ ਉਸਾਰੀ ਨੂੰ ਮੌਕੇ ’ਤੇ ਜਾ ਕੇ ਰੁਕਵਾਇਆ। ਪ੍ਰਧਾਨ ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ 3 ਕਨਾਲਾਂ ਵਿੱਚ ਇਹ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਜਿਸ ਦੀ ਲੱਖਾਂ ਰੁਪਏ ਨਕਸ਼ਾ ਫੀਸ ਬਣਦੀ ਹੈ ਉਹ ਅਦਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਮਾਛੀਵਾੜਾ ਸ਼ਹਿਰ ਵਿਚ ਬਿਨਾਂ ਨਕਸ਼ੇ ਤੋਂ ਕੋਈ ਵੀ ਨਿਰਮਾਣ ਨਹੀਂ ਹੋਣ ਦਿੱਤਾ ਜਾ ਰਿਹਾ ਪਰ ਉਕਤ ਵਿਅਕਤੀ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਉਸਾਰੀ ਕਰਨ ਵਾਲੇ ਵਿਅਕਤੀ ਨੂੰ ਨੋਟਿਸ ਵੀ ਦਿੱਤਾ ਗਿਆ ਸੀ ਕਿ ਪਹਿਲਾਂ ਨਕਸ਼ਾ ਪ੍ਰਵਾਨ ਕੀਤਾ ਜਾਵੇ ਜਿਸ ਤੋਂ ਬਾਅਦ ਉਸਾਰੀ ਕੀਤੀ ਜਾਵੇ ਪਰ ਸ਼ਨਿਚਰਵਾਰ ਤੇ ਐਤਵਾਰ ਦੀਆਂ ਛੁੱਟੀਆਂ ਦਾ ਫਾਇਦਾ ਚੁੱਕਦੇ ਹੋਏ ਲੈਂਟਰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਕੌਂਸਲ ਪ੍ਰਧਾਨ ਨੇ ਕਿਹਾ ਕਿ ਜੇਕਰ ਉਕਤ ਵਿਅਕਤੀ ਵੱਲੋਂ ਨਕਸ਼ਾ ਨਾ ਪਾਸ ਕਰਵਾਇਆ ਗਿਆ ਤਾਂ ਕੌਂਸਲ ਇਸ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਵੀ ਕਾਰਵਾਈ ਆਰੰਭ ਕਰੇਗੀ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਨਕਸ਼ਿਆਂ ਅਤੇ ਹੋਰ ਆਮਦਨ ਦੇ ਵਸੀਲਿਆਂ ਤੋਂ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
