ਸਿੱਧਵਾਂ ਖੁਰਦ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਰੈਲੀ
ਖਾਲਸਾ ਕਾਲਜ ਫ਼ਾਰ ਵਿਮੈਨ ਵੱਲੋਂ ਵਿਦਿਆਰਥਣਾਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੈਲੀ ਦਾ ਪ੍ਰਬੰਧ ਕੀਤਾ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੇ ਕਰਦਿਆਂ ਮਨੁੱਖੀ ਅਧਿਕਾਰਾਂ ਬਾਰੇ ਚਾਨਣਾ ਪਾਇਆ। ਉਪਰੰਤ ਕਾਲਜ ਕੈਂਪਸ ਅਤੇ ਪਿੰਡ ਸਿੱਧਵਾਂ ਖੁਰਦ ਵਿੱਚ ਜਾਗਰੂਕਤਾ ਰੈਲੀ ਕੀਤੀ ਗਈ ਜਿਸ ਵਿੱਚ ਕਾਲਜ ਦੇ ਮਨੁੱਖੀ ਅਧਿਕਾਰ ਕਲੱਬ, ਐੱਨ ਐੱਸ ਐੱਸ ਯੂਨਿਟ, ਰੈੱਡ ਰਿੱਬਨ ਕਲੱਬ ਅਤੇ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਹਿੱਸਾ ਲਿਆ। ਡਾ. ਅਮਨਦੀਪ ਕੌਰ ਨੇ ਆਖਿਆ ਕਿ ਰੈਲੀ ਦਾ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤ ਕਰਨਾ ਅਤੇ ਬੁਨਿਆਦੀ ਅਧਿਕਾਰਾਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨਾ ਹੈ। ਇਹ ਰੈਲੀ ਅਧਿਆਪਕਾਂ ਅਤੇ ਵੱਖ-ਵੱਖ ਕਲੱਬਾਂ ਦੇ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਸਿੱਧਵਾਂ ਪਿੰਡ ਪਹੁੰਚੀ। ਇਸ ਮੌਕੇ ਵਿਦਿਆਰਥਣਾਂ ਨੇ ਮਨੁੱਖੀ ਅਧਿਕਾਰਾਂ ਤੇ ਨਾਅਰੇ ਲਗਾਏ ਅਤੇ ਲੋਕਾਂ ਨੂੰ ਸਮਾਜਿਕ ਸਮਾਨਤਾ, ਆਜ਼ਾਦੀ ਅਤੇ ਨਿਆਂ ਦਾ ਸੰਦੇਸ਼ ਦਿੱਤਾ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਦੇ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਇਸ ਰੈਲੀ ਵਿੱਚ ਮਨੁੱਖੀ ਅਧਿਕਾਰ ਕਲੱਬ ਦੇ ਇੰਚਾਰਜ ਡਾ. ਜਸਦੀਪ ਕੌਰ, ਪ੍ਰੋ. ਕਰਮਦੀਪ ਕੌਰ, ਰੈੱਡ ਰਿੱਬਨ ਕਲੱਬ ਦੇ ਇੰਚਾਰਜ ਪ੍ਰੋ. ਹਰਦੀਪ ਕੌਰ, ਪ੍ਰੋ. ਗੁਰਜੀਤ ਸਿੰਘ ਅਤੇ ਐੱਨ ਐੱਸ ਐੱਸ ਯੂਨਿਟ ਦੇ ਇੰਚਾਰਜ ਡਾ. ਅਮਨਦੀਪ ਕੌਰ ਸਮੇਤ 40 ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ। ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦੀ ਰੈਲੀ ਬਾਅਦ ਦੁਪਹਿਰ ਸਮਾਪਤ ਹੋਈ।
