ਅਣਪਛਾਤਿਆਂ ਦੇ ਹਮਲੇ ’ਚ ਅਹਾਤੇ ਦੇ ਕਰਿੰਦਾ ਜ਼ਖਮੀ
ਇਥੋਂ ਦੇ ਮਾਲੇਰਕੋਟਲਾ ਰੋਡ ’ਤੇ ਬੀਤੀ ਰਾਤ ਇਕ ਸ਼ਰਾਬ ਦੇ ਅਹਾਤੇ ’ਤੇ ਕੰਮ ਕਰਦੇ ਕਰਿੰਦੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ। ਅਹਾਤੇ ਦੇ ਕਰਮਚਾਰੀ ਵਿਪਨ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਦੀ ਪਹਿਲਾਂ ਅਹਾਤੇ ਵਿੱਚ ਕੰਮ ਕਰਨ ਵਾਲੇ ਇਕ ਹੋਰ ਵਿਅਕਤੀ ਨਾਲ ਬਹਿਸ ਹੋਈ, ਜਿਸ ਮਗਰੋਂ ਸਥਿਤੀ ਇਸ ਹੱਦ ਤੱਕ ਵਧ ਗਈ ਕਿ ਹਮਲਾਵਰਾਂ ਨੇ ਨਕਦੀ ਵਾਲਾ ਬਾਕਸ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਰੋਕਣ ’ਤੇ ਉਨ੍ਹਾਂ ਅਹਾਤੇ ’ਚ ਕੰਮ ਕਰਦੇ ਕਰਿੰਦੇ ਦੇ ਸਿਰ ’ਤੇ ਵਾਰ ਕੀਤਾ ਤਾਂ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕੇਸ਼ਵ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਅਹਾਤੇ ਵਿੱਚ ਬਹਿਸ ਕੀਤੀ ਫਿਰ 10-15 ਲੋਕਾਂ ਨਾਲ ਵਾਪਸ ਆਏ ਅਤੇ ਪੱਥਰਾਂ, ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ। ਕਈ ਕਰਮੀਆਂ ਨੇ ਲੁਕ ਕੇ ਆਪਣੀ ਜਾਨ ਬਚਾਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਪ੍ਰਸ਼ਾਸਨਿਕ ਲਾਪਰਵਾਹੀ ਦਾ ਨਤੀਜਾ ਹੈ ਕਿਉਂਕਿ ਸ਼ਰਾਬ ਦੀਆਂ ਦੁਕਾਨਾਂ ਨਿਰਧਾਰਤ ਤੋਂ ਵੱਧ ਸਮੇਂ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਜ਼ਖ਼ਮੀ ਕਰਮਚਾਰੀ ਨੂੰ ਹਸਪਤਾਲ ਪਹੁੰਚਾਇਆ। ਐੱਸ ਪੀ ਪਵਨਜੀਤ ਚੌਧਰੀ ਨੇ ਕਿਹਾ ਕਿ ਜੇ ਸ਼ਰਾਬ ਦੀਆਂ ਦੁਕਾਨਾਂ ਸਰਕਾਰ ਵੱਲੋਂ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਖੋਲ੍ਹੀਆਂ ਜਾਂਦੀਆਂ ਹਨ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਬਕਾਰੀ ਇੰਸਪੈਕਟਰ ਬ੍ਰਿਜੇਸ਼ ਮਲਹੋਤਰਾ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਸਵੇਰੇ 7 ਵਜੇ ਖੁੱਲ੍ਹਦੀਆਂ ਹਨ ਅਤੇ ਰਾਤ 12 ਵਜੇ ਬੰਦ ਹੁੰਦੀਆਂ ਹਨ, ਜੇ ਫ਼ਿਰ ਵੀ ਵੱਧ ਸਮੇਂ ਤੱਕ ਦੁਕਾਨਾਂ ਖੁੱਲ੍ਹਦੀਆਂ ਹਨ ਤਾਂ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ।
