ਗ਼ੈਰਕਾਨੂੰਨੀ ਕਲੋਨੀ ਕਾਰਨ ਮਕਾਨ ਡਿੱਗਿਆ
ਲੱਖਾਂ ਰੁਪਏ ਦਾ ਨੁਕਸਾਨ; ਕਲੋਨੀ ਲਈ ਪੁੱਟੀਆਂ ਨੀਂਹਾਂ ’ਚ ਭਰਿਆ ਮੀਂਹ ਦਾ ਪਾਣੀ
Advertisement
ਖੰਨਾ ਵਿੱਚ ਮੀਂਹ ਕਾਰਨ ਇਕ ਮਕਾਨ ਢਹਿਣ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਕਾਨ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ 8-9 ਸਾਲ ਪਹਿਲਾ ਘਰ ਬਣਾਇਆ ਸੀ। ਘਟਨਾ ਦਾ ਮੁੱਖ ਕਾਰਨ ਘਰ ਦੇ ਨਾਲ ਲੱਗਦੀ ਗ਼ੈਰ ਕਾਨੂੰਨੀ ਕਲੋਨੀ ਲਈ ਪੁੱਟੀ ਗਈ 5 ਫੁੱਟ ਡੂੰਘੀ ਨੀਂਹ ਹੈ ਜੋ ਮੀਂਹ ਕਾਰਨ ਭਰ ਗਈ ਹੈ। ਪਾਣੀ ਭਰਨ ਕਾਰਨ ਮਕਾਨ ਦੀ ਨੀਂਹ ਕਮਜ਼ੋਰ ਹੋ ਗਈ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਜਿਸ ਵਿਚ ਉੱਪਰ ਵਾਲੇ ਦੋ ਕਮਰੇ ਅਤੇ ਹੇਠਾਂ ਵਾਲਾ ਹਾਲ ਵੀ ਸ਼ਾਮਲ ਹੈ।
ਘਟਨਾ ਸਮੇਂ ਪਰਿਵਾਰ ਘਰ ਦੇ ਅਗਲੇ ਹਿੱਸੇ ਵਿੱਚ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਘਟਨਾ ਉਪਰੰਤ ਆਲੇ ਦੁਆਲੇ ਦੇ ਘਰਾਂ ਵਾਲੇ ਲੋਕ ਵੀ ਚਿੰਤਤ ਹਨ। ਗੁਆਂਢੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਘਰ ਡਿੱਗਦੇ ਦੇਖਿਆ ਹੈ ਅਤੇ ਹੁਣ ਉਸ ਨੂੰ ਆਪਣੇ ਘਰ ਦੀ ਵੀ ਚਿੰਤਾ ਹੈ। ਇਸ ਸਬੰਧੀ ਐਸਡੀਐਮ ਡਾ.ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਪਤਾ ਲਗਾਉਣ ਲਈ ਇਕ ਟੀਮ ਭੇਜਣਗੇ।
Advertisement
Advertisement