ਖੰਨਾ ’ਚ ਐਲੀਵੇਟਿਡ ਪੁਲ ਬਣਨ ਦੀ ਉਮੀਦ ਜਾਗੀ
ਸ਼ਹਿਰ ਵਿੱਚੋਂ ਲੰਘਦੇ ਕੌਮੀ ਮਾਰਗ ’ਤੇ ਮਿੱਟੀ ਦੇ ਪੁਲ ਨੂੰ ਐਲੀਵੇਟਿਡ ਪੁਲ ਵਿੱਚ ਬਦਲਣ ਦੀ ਉਮੀਦ ਜਾਗੀ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੀ ਵਿਸ਼ੇਸ਼ ਟੀਮ ਅੱਜ ਖੰਨਾ ਪੁੱਜੀ ਤੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਸਣੇ ਸ਼ਹਿਰ ਦਾ ਸਰਵੇਖਣ ਕੀਤਾ। ਇਸ ਦੌਰਾਨ ਸ਼ਨੀ ਮੰਦਰ ਤੋਂ ਭੱਟੀਆਂ ਚੌਕ ਤੱਕ ਪੁਲਾਂ ਦੀ ਸਥਿਤੀ ਦਾ ਨਿਰੀਖਣ ਕੀਤਾ ਗਿਆ। ਸ਼ਹਿਰ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸਮਾਜ ਸੇਵਕ ਪਰਮ ਵਾਲੀਆ ਦੀ ਮਿਹਨਤ ਰੰਗ ਲਿਆਉਂਦੀ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ ਸ੍ਰੀ ਵਾਲੀਆ ਵੱਲੋਂ 10 ਜੁਲਾਈ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਉਪਰੰਤ ਐਲੀਵੇਟਿਡ ਪੁਲ ਬਣਾਉਣ ਦੀ ਉਮੀਦ ਜਾਗੀ ਸੀ। ਸ੍ਰੀ ਵਾਲੀਆ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਰਾਹੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ 25 ਕੌਂਸਲਰਾਂ, 52 ਸਰਪੰਚਾਂ ਤੇ ਸ਼ਹਿਰ ਦੇ ਸਾਰੇ ਸਮਾਜਿਕ ਸੰਗਠਨਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਸੌਂਪਿਆ। ਮੰਤਰੀ ਗਡਕਰੀ ਨੇ ਜਲਦ ਹੀ ਸਰਵੇਖਣ ਕਰਾਉਣ ਦਾ ਭਰੋਸਾ ਦਿੱਤਾ ਸੀ।
ਲੋਕਾਂ ਨੇ ਦੱਸਿਆ ਕਿ ਮਿੱਟੀ ਵਾਲੇ ਪੁਲ ਕਾਰਨ ਸ਼ਹਿਰ ਅੰਦਰ ਵਾਹਨਾਂ ਦਾ ਦਬਾਅ ਵਧ ਗਿਆ ਹੈ ਅਤੇ ਹਰ ਸਮੇਂ ਟਰੈਫਿਕ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੜਕ ਪਾਰ ਕਰਨ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਅਗਲੇ 15 ਦਿਨਾਂ ਵਿੱਚ ਐਲੀਵੇਟਿਡ ਪੁਲ ਸਬੰਧੀ ਕੁਝ ਠੋਸ ਕਦਮ ਚੁੱਕ ਸਕਦੀ ਹੈ।