ਜਗਰਾਉਂ ’ਚ ਪਾਣੀ ਭਰਨ ਅਤੇ ਕੂੜੇ ਦੀ ਸਮੱਸਿਆ ਹੱਲ ਹੋਣ ਦੀ ਆਸ
ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਨਗਰ ਸੁਧਾਰ ਸਭਾ ਨੇ ਇੱਥੇ ਏਡੀਸੀ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ ਅਤੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨਾਲ ਮੀਟਿੰਗ ਕੀਤੀ। ਚਰਚਾ ਵਿੱਚ ਪ੍ਰਧਾਨ ਅਵਤਾਰ ਸਿੰਘ, ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਗੁਰਮੇਲ ਸਿੰਘ ਰੂਮੀ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ ਕਲੇਰ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵੀ ਸਭਾ ਵੱਲੋਂ ਨਗਰ ਕੌਂਸਲ ਨੂੰ ਸ਼ਹਿਰ ਦੇ ਮਸਲਿਆਂ ਬਾਬਤ ਹਲੂਣਾ ਦੇਣ ਲਈ ਧਰਨਾ ਦੇਣ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਹਾਜ਼ਰੀ ਵਿੱਚ ਮੁੱਦੇ ਚੁੱਕੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲਰਾਂ ਤੇ ਅਧਿਕਾਰੀਆਂ ਦੀ ਸਮੱਸਿਆਵਾਂ ਦੇ ਹੱਲ ਪ੍ਰਤੀ ਪਹੁੰਚ ਨੂੰ ਦੇਖਦਿਆਂ ਉਹ ਬਾਈਕਾਟ ਕਰਨ ਲਈ ਮਜਬੂਰ ਹੋਏ ਸਨ। ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਕੂੜੇ ਦੇ ਢੇਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਤੋਂ ਦੂਰ ਲਾਗਲੇ ਪਿੰਡ ਦੀ ਇੱਕ ਏਕੜ ਜ਼ਮੀਨ ਕਿਰਾਏ ’ਤੇ ਹਾਸਲ ਕਰ ਕੇ ਕੂੜਾ ਚੁੱਕਣ ਦਾ ਠੇਕਾ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਵਿੱਚ ਪਿਆ ਸਾਰਾ ਕੂੜਾ ਪੰਦਰਾਂ ਦਿਨਾਂ ਅੰਦਰ ਨਿਪਟਾ ਲਿਆ ਜਾਵੇਗਾ। ਸ਼ਹਿਰ ਦੇ ਪਾਣੀ ਦੇ ਨਿਕਾਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਕਮਲ ਚੌਕ ਅਤੇ ਪੁਰਾਣੀ ਦਾਣਾ ਮੰਡੀ ਇਲਾਕੇ ਵਿੱਚੋਂ ਪਾਣੀ ਦੇ ਨਿਕਾਸ ਲਈ ਸਰਕਾਰੀ ਪ੍ਰਾਜੈਕਟ ਮਨਜ਼ੂਰੀ ਦੀ ਅੰਤਿਮ ਸਟੇਜ ’ਤੇ ਹੈ ਅਤੇ ਸਿਰਫ ਛੇ ਮਹੀਨੇ ਵਿੱਚ ਇਹ ਸਮੱਸਿਆ ਨਿਸ਼ਚਿਤ ਰੂਪ ਵਿੱਚ ਹੱਲ ਕਰ ਦਿੱਤੀ ਜਾਵੇਗੀ। ਇਸ ਮਗਰੋਂ ਰਾਏਕੋਟ ਰੋਡ ਤੋਂ ਵਾਟਰ ਤੇ ਸੀਵਰੇਜ ਬੋਰਡ ਵੱਲੋਂ ਪੁੱਟੀਆਂ ਇੰਟਰਲਾਕ ਟਾਈਲਾਂ ਦਾ ਮੁੱਦਾ ਚੁੱਕਿਆ ਗਿਆ। ਇਸ ’ਤੇ ਮਹੀਨੇ ਅੰਦਰ ਕੰਮ ਪੂਰੀ ਤੇਜ਼ੀ ਨਾਲ ਕਰਨ ਦਾ ਭਰੋਸਾ ਦਿੱਤਾ ਗਿਆ। ਸਭਾ ਵੱਲੋਂ ਮੰਗ ਕਰਨ ’ਤੇ ਕਾਰਜਸਾਧਕ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਸੜਕ ਬਣਨ ਤੋਂ ਪਹਿਲਾਂ ਇਸ ’ਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਪਾਈਪ ਤੇ ਚੈਂਬਰ ਬਣਵਾਏ ਜਾਣਗੇ। ਇਸ ਮੌਕੇ ਕੱਚਾ ਮਲਕ ਰੋਡ ਦੀ ਮੁਰੰਮਤ ਦਾ ਭਰੋਸਾ ਦਿੱਤਾ ਗਿਆ।