ਪ੍ਰਾਇਮਰੀ ਸਕੂਲ ਕੋਟਾਲਾ ਦੇ ਜੇਤੂ ਬੱਚਿਆਂ ਦਾ ਸਨਮਾਨ
ਜ਼ਿਲ੍ਹਾ ਲੁਧਿਆਣਾ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਦਾਖਾ ਵਿੱਚ ਸ਼ਾਨੋਂ ਸ਼ੌਕਤ ਨਾਲ ਸਮਾਪਤ ਹੋਈਆਂ। ਬਲਾਕ ਸਮਰਾਲਾ ਵੱਲੋਂ ਇੰਦੂ ਸੂਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਖੇਡਾਂ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਮਰਾਲਾ ਬਲਾਕ ਦੀ ਫੁਟਬਾਲ (ਲੜਕੀਆਂ ਅਤੇ ਲੜਕਿਆਂ) ਦੀਆਂ ਟੀਮਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੇ ਚਾਰ ਲੜਕਿਆਂ ਅਤੇ ਪੰਜ ਲੜਕੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਫੁਟਬਾਲ (ਲੜਕੀਆਂ) ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਫੁਟਬਾਲ (ਲੜਕਿਆਂ) ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਫੁਟਬਾਲ ਵਿੱਚ ਜਿੱਤ ਪ੍ਰਾਪਤ ਕਰਕੇ ਵਾਪਸ ਸਕੂਲ ਪਰਤਣ ’ਤੇ ਸਕੂਲ ਵਿੱਚ ਸਮਾਗਮ ਸਕੂਲ ਇੰਚਾਰਜ ਪੁਸ਼ਿਵੰਦਰ ਸਿੰਘ ਅਗਵਾਈ ਹੇਠ ਕਰਵਾਇਆ ਗਿਆ ਅਤੇ ਜੇਤੂ ਬੱਚਿਆਂ ਨੂੰ ਸਮੂਹ ਸਕੂਲ ਸਟਾਫ, ਪਿੰਡ ਕੋਟਾਲਾ ਦੀ ਗਰਾਮ ਪੰਚਾਇਤ ਜਿਨ੍ਹਾਂ ਵਿੱਚ ਸਰਪੰਚ ਚਰਨਜੀਤ ਕੌਰ, ਪੰਚ ਸੁਖਵੰਤ ਕੌਰ, ਪੰਚ ਹਰਪ੍ਰੀਤ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਪੰਚਾਇਤ ਵੱਲੋਂ ਕੋਚ ਕਰਮਬੀਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਪੁਸ਼ਿਵੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
