ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦਾ ਸਨਮਾਨ
ਵਿਧਾਨ ਸਭਾ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁੜ ਚੁਣੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਤੇ ਤਰਨ ਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਇਹ ਚੋਣ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਗੁੰਡਾਗਰਦੀ ਨਾਲ ਜਿੱਤੀ ਗਈ ਹੈ। ਇੱਕ ਪਾਸੇ ਸਾਰਾ ਸਰਕਾਰੀ ਤੰਤਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਵਿੱਚ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਗੈਂਗਸਟਰਾਂ ਦੀਆਂ ਧਮਕੀਆਂ ਮਿਲ ਰਹੀਆਂ ਸਨ। ਕੈਪਟਨ ਸੰਧੂ ਨੇ ਕਿਹਾ ਕਿ ਵੈਸੇ ਵੀ ਇਸ ਪੰਥਕ ਹਲਕੇ ਵਿੱਚ ਕਾਂਗਰਸ ਇੱਕ ਵਾਰ ਹੀ ਚੋਣ ਜਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਫੇਰ ਵੀ ਹਾਰ ਦਾ ਮੰਥਨ ਕਰੇਗੀ ਅਤੇ ਨਾਲ ਹੀ 2027 ਦੀਆਂ ਚੋਣਾਂ ਲਈ ਵਰਕਰਾਂ ਅੰਦਰ ਨਵੀਂ ਰੂਹ ਫੂਕਣ ਲਈ ਪ੍ਰੋਗਰਾਮ ਉਲੀਕੇਗੀ। ਆਮ ਆਦਮੀ ਪਾਰਟੀ ਸਰਕਾਰ ’ਤੇ ਹਰ ਫਰੰਟ ’ਤੇ ਫੇਲ੍ਹ ਰਹਿਣ ਦਾ ਦੋਸ਼ ਮੜ੍ਹਦਿਆਂ ਉਨ੍ਹਾਂ ਕਿਹਾ ਕਿ ਆਏ ਦਿਨ ਗੈਂਗਸਟਰਾਂ ਵਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਲਈ ਪਿਛਲੀਆਂ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਕੇ ਨਹੀਂ ਸਰਨਾ। ਮੇਜਰ ਸਿੰਘ ਮੁੱਲਾਂਪੁਰ ਨੇ ਮੁੜ ਤੋਂ ਪ੍ਰਧਾਨ ਚੁਣਨ ਲਈ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਵਾਈਸ ਚੇਅਰਮੈਨ ਪਰਵਿੰਦਰ ਸਿੰਘ ਮੁੱਲਾਂਪੁਰ, ਕੌਂਸਲਰ ਸੁਭਾਸ਼ ਨਾਗਰ, ਇੰਦਰਪਾਲ ਸਿੰਘ, ਪ੍ਰਧਾਨ ਤਰੁਣ ਜਿੰਦਲ, ਸਰਪੰਚ ਕੁਲਦੀਪ ਸਿੰਘ, ਸਰਪੰਚ ਅਲਵੇਲ ਸਿੰਘ, ਬਲਵਿੰਦਰ ਸਿੰਘ, ਬਲਵੀਰ ਚੰਦ, ਸੰਦੀਪ ਸਲੇਮਪੁਰਾ, ਇਸ਼ਾਨ ਸਿੰਗਲਾ, ਸੁਰਿੰਦਰ ਸਿੰਘ, ਬਲਜਿੰਦਰ ਮਾਨ ਆਦਿ ਹਾਜ਼ਰ ਸਨ।
ਸੰਜੈ ਤਲਵਾਰ ਦਾ ਸਨਮਾਨ
ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੈਣ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਵੱਲੋਂ ਸਥਾਨਕ ਸਰਾਭਾ ਨਗਰ ਵਿੱਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਪਾਰਟੀ ਆਗੂਆਂ ਨਾਲ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਦੀਵਾਨ ਅਤੇ ਪਾਰਟੀ ਵਰਕਰਾਂ ਵੱਲੋਂ ਤਲਵਾੜ ਨੂੰ ਮੁੜ ਤੋਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਜ਼ਿੰਮੇਵਾਰੀ ਸੌਂਪਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਕਪੂਰ, ਪੁਰਸ਼ੋਤਮ ਖ਼ਲੀਫ਼ਾ, ਸੁਸ਼ੀਲ ਮਲਹੋਤਰਾ, ਕਰਨ ਕਾਲੀਆ, ਕੁਲਬੀਰ ਸਿੰਘ ਨੀਟਾ, ਦੀਪਕ ਹੰਸ, ਕੌਂਸਲਰ ਗੌਰਵ ਘਈ, ਜਸਵਿੰਦਰ ਸਿੰਘ ਓਸਾਹਨ ਅਤੇ ਰਮਨ ਸ਼ਰਮਾ ਆਦਿ ਹਾਜ਼ਰ ਸਨ।
