ਹਾਕੀ: ਲੜਕਿਆਂ ’ਚ ਜਰਖੜ ਅਕੈਡਮੀ ਅਤੇ ਲੜਕੀਆਂ ’ਚ ਅਮਰਗੜ੍ਹ ਬਣੇ ਚੈਂਪੀਅਨ
ਚੈਂਪੀਅਨਸ਼ਿਪ ਦੌਰਾਨ ਮੁੰਡਿਆਂ ਦੇ ਅੰਡਰ- 17 ਸਾਲ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ ਕਰੜੇ ਸੰਘਰਸ਼ ਬਾਅਦ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਮੁੰਡੀਆਂ ਕਲਾਂ ਹਾਕੀ ਸੈਂਟਰ ਨੂੰ 3-0 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਅੰਡਰ 19 ਸਾਲ ਵਰਗ ਵਿੱਚ ਵੀ ਜਰਖੜ ਹਾਕੀ ਅਕੈਡਮੀ ਨੇ ਮਾਲਵਾ ਹਾਕੀ ਅਕੈਡਮੀ ਨੂੰ 1-1 ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 3-2 ਗੋਲਾਂ ਨਾਲ ਹਰਾਇਆ। ਜਰਖੜ ਹਾਕੀ ਅਕੈਡਮੀ ਦੇ ਜੋਬਨਦੀਪ ਸਿੰਘ, ਤੇਹਿੰਗ ਅਕੈਡਮੀ ਦੇ ਨਿਖਿਲ ਮਹਿਮੀ, ਮੁੰਡੀਆ ਸੈਂਟਰ ਦੀ ਰਾਧਾ ਕੁਮਾਰੀ, ਰਜਨੀ, ਅਮਰਗੜ੍ਹ ਅਕੈਡਮੀ ਦੀ ਨਵਜੋਤ ਕੌਰ ਨੂੰ ਸਰਵੋਤਮ ਖਿਡਾਰੀ ਚੁਣੇ ਜਾਣ ਤੇ 1-1 ਸਾਈਕਲ ਦੇਕੇ ਸਨਮਾਨਤ ਕੀਤਾ ਜਦਕਿ ਮਾਨਵਦੀਪ ਸਿੰਘ ਜਰਖੜ 9 ਗੋਲ ਕਰਕੇ ਟੂਰਨਾਂਮੈਂਟ ਦਾ ਟਾਪ ਸਕੋਰਰ ਬਣਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਇੰਡਸਟਰੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕੀਤੀ। ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਜੁਆਇੰਟ ਡਾਇਰੈਕਟਰ ਕਮਲਜੀਤ ਸਿੰਘ ਸੂਰੀ ਅਤੇ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਡਾ. ਨਿਰਮਲ ਸਿੰਘ ਜੌੜਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਤੋਂ ਇਲਾਵਾ ਦੁਪਹਿਰ ਦੇ ਸੈਸ਼ਨ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਅਤੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸਨ ਆਸ਼ੂ ਨੇ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਵਾਸਤੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਦਰੋਣਾਚਾਰੀਆ ਕੋਚ ਬਲਦੇਵ ਸਿੰਘ ਅਤੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮਾਸਟਰਜ਼ ਹਾਕੀ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਕੇ ਆਏ ਖਿਡਾਰੀ ਰਵਿੰਦਰ ਸਿੰਘ ਕਾਲਾ ਘਵੱਦੀ ਤੇ ਬਲਜੀਤ ਕੌਰ ਜਲਾਲਦੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਈਨਲ ਸਮਾਗਮ ’ਤੇ ਡਰੈਗਨ ਭੰਗੜਾ ਅਕੈਡਮੀ ਵੱਲੋਂ ਸੱਭਿਆਚਾਰ ਗੀਤਾਂ ਤੇ ਬਕਮਾਲ ਕੋਰਿਓਗਰਾਫੀ ਕੀਤੀ ਗਈ। ਸੰਸਥਾ ਦੇ ਪ੍ਰਧਾਨ ਅਮਰੀਕ ਮਿਨਹਾਸ ਅਤੇ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਗਲੇ ਵਰ੍ਹੇ ਇਸ ਹਾਕੀ ਚੈਂਪੀਅਨਸ਼ਿਪ ਨੂੰ ਕੌਮੀ ਪੱਧਰ ’ਤੇ ਕਰਵਾਉਣ ਦਾ ਐਲਾਨ ਕੀਤਾ।
