ਓਵਰਟੇਕ ਕਰਦਿਆਂ ਉੱਚ-ਵੋਲਟੇਜ਼ ਬਿਜਲੀ ਖੰਭਾ ਭੰਨਿਆ
ਇਲਾਕੇ ਵਿੱਚ ਬਿਜਲੀ ਸਪਲਾਈ ਠੱਪ; ਪਾਵਰਕੌਮ ਅਧਿਕਾਰੀਆਂ ਨੇ ਥਾਣੇ ਪਹੁੰਚ ਕੇ ਨੁਕਸਾਨ ਦੀ ਭਰਪਾਈ ਮੰਗੀ
Advertisement
ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਸਰਕਾਰੀ ਹਸਪਤਾਲ ਦੀ ਕੰਧ ਦੇ ਨੇੜੇ ਟਰੈਕਟਰ-ਟਰਾਲੀ ਅਤੇ ਜੀਪ ਦੀ ਟੱਕਰ ਤੋਂ ਬਾਅਦ ਹਾਦਸਾਗ੍ਰਸਤ ਜੀਪ ਅਤੇ ਟਰੈਕਟਰ ਟਰਾਲੀ ਸੜਕ ਕਿਨਾਰੇ ਹਾਈ-ਵੋਲਟੇਜ਼ ਬਿਜਲੀ ਲਾਈਨ ਦੇ ਖੰਭੇ ਨਾਲ ਟਕਰਾ ਗਏ। ਸਵੇਰ ਸਾਰ ਵਾਪਰੀ ਇਸ ਘਟਨਾ ਸਮੇਂ ਉੱਚ-ਵੋਲਟੇਜ਼ ਤਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਹੋਏ ਵੱਡੇ ਧਮਾਕਿਆਂ ਕਾਰਨ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ ਪਰ ਦੁਰਘਟਨਾ ਤੋਂ ਬਾਅਦ ਬਿਜਲੀ ਸਪਲਾਈ ਬੰਦ ਹੋਣ ਕਾਰਨ ਹਾਦਸਾਗ੍ਰਸਤ ਜੀਪ ਅਤੇ ਟਰੈਕਟਰ ਦੇ ਡਰਾਈਵਰਾਂ ਸਣੇ ਬਾਕੀ ਲੋਕਾਂ ਦੀ ਜਾਨ ਬਚ ਗਈ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਡਰਾਈਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉੱਧਰ ਪਾਵਰਕੌਮ ਅਧਿਕਾਰੀਆਂ ਨੇ ਵੀ ਥਾਣੇ ਪਹੁੰਚ ਕੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ।
ਰਾਜਸਥਾਨ ਦੇ ਨੰਬਰ ਵਾਲੀ ਘੋੜਿਆਂ ਦੀ ਖ਼ੁਰਾਕ ਨਾਲ ਭਰੀ ਜੀਪ ਲੁਧਿਆਣਾ ਵੱਲ ਜਾ ਰਹੀ ਸੀ, ਸੀਮਿੰਟ ਦੀਆਂ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਮੌਕੇ ਆਪਸ ਵਿੱਚ ਟਕਰਾਉਣ ਕਾਰਨ ਬੇਕਾਬੂ ਹੋ ਕੇ ਉੱਚ-ਵੋਲਟੇਜ਼ ਬਿਜਲੀ ਲਾਈਨ ਦੇ ਖੰਭੇ ਨਾਲ ਜਾ ਟਕਰਾਏ। ਦੋਵੇਂ ਡਰਾਈਵਰ ਹਾਦਸੇ ਲਈ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਰਹੇ। ਦੇਰ ਸ਼ਾਮ ਤੱਕ ਕੋਈ ਸਮਝੌਤਾ ਨਹੀਂ ਹੋ ਸਕਿਆ ਸੀ। ਜੀਪ ਅਤੇ ਟਰੈਕਟਰ ਚਾਲਕਾਂ ਦੀ ਉੱਚੀ ਪਹੁੰਚ ਕਾਰਨ ਪੁਲੀਸ ਦੁਚਿੱਤੀ ਦਾ ਸ਼ਿਕਾਰ ਰਹੀ, ਜਦਕਿ ਪਾਵਰਕੌਮ ਅਧਿਕਾਰੀ ਨੁਕਸਾਨ ਦੀ ਭਰਪਾਈ ਲਈ ਜ਼ੋਰ ਪਾਉਂਦੇ ਰਹੇ। ਪਾਵਰਕੌਮ ਸਬ-ਡਵੀਜ਼ਨ ਸੁਧਾਰ ਦੇ ਐੱਸ ਡੀ ਓ ਜਸਜੀਤ ਸਿੰਘ ਅਨੁਸਾਰ ਇਲਾਕੇ ਵਿੱਚ ਬਿਜਲੀ ਸਪਲਾਈ ਚਾਲੂ ਕਰਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਥਾਣਾ ਮੁਖੀ ਗੁਰਦੀਪ ਸਿੰਘ ਮੁਤਾਬਕ ਜਾਂਚ ਜਾਰੀ ਹੈ।
Advertisement
Advertisement
