ਤਬਾਦਲੇ ਤੋਂ 19 ਦਿਨਾਂ ਬਾਅਦ ਵੀ ਨਹੀਂ ਛੱਡਿਆ ਚਾਰਜ
ਬਲਾਕ ਪੰਚਾਇਤ ਦਫ਼ਤਰ ਮਾਛੀਵਾੜਾ ਧਰਨਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਲਈ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦਾ ਹੈ ਅਤੇ ਹੁਣ ਤਾਜ਼ਾ ਜਾਣਕਾਰੀ ਅਨੁਸਾਰ ਇਸ ਦਫ਼ਤਰ ਵਿਚ ਤਾਇਨਾਤ ਇੱਕ ਅਧਿਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਨੂੰ ਟਿੱਚ ਜਾਣਦਾ ਹੋਇਆ ਤਬਾਦਲਾ ਹੋਣ ਦੇ 19 ਦਿਨ ਬੀਤਣ ਬਾਵਜੂਦ ਚਾਰਜ ਨਹੀਂ ਛੱਡ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਵਲੋਂ ਦਫ਼ਤਰ ਵਿਚ ਤਾਇਨਾਤ ਸੁਪਰਡੈਂਟ ਦਾ ਤਬਾਦਲਾ 15 ਅਕਤੂਬਰ ਨੂੰ ਕਰ ਦਿੱਤਾ ਗਿਆ ਸੀ ਅਤੇ ਵਿਭਾਗ ਵਲੋਂ ਜਾਰੀ ਪੱਤਰ ਵਿਚ ਇਹ ਨਿਰਦੇਸ਼ ਸਨ ਕਿ 48 ਘੰਟੇ ਦੇ ਅੰਦਰ-ਅੰਦਰ ਨਵੇਂ ਸਟੇਸ਼ਨ ’ਤੇ ਚਾਰਜ ਲਿਆ ਜਾਵੇ। ਆਪਣੇ ਸੀਨੀਅਰ ਅਧਿਕਾਰੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਇੱਥੇ ਤਾਇਨਾਤ ਸੁਪਰਡੈਂਟ ਰੁਪਿੰਦਰ ਸਿੰਘ 20 ਦਿਨ ਬੀਤਣ ਦੇ ਬਾਵਜ਼ੂਦ ਵੀ ਨਾ ਇੱਥੋਂ ਰਿਲੀਵ ਹੋਇਆ ਅਤੇ ਨਾ ਹੀ ਨਵੀਂ ਜਗ੍ਹਾ ਦਾ ਚਾਰਜ ਸੰਭਾਲਿਆ। ਜਦੋਂ ਇਸ ਸਬੰਧੀ ਸੁਪਰਡੈਂਟ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਬਦਲੀ ਰੱਦ ਕਰਵਾਉਣ ਲਈ ਯਤਨ ਕਰ ਰਹੇ ਸਨ ਪਰ ਹੁਣ ਬੀ.ਡੀ.ਪੀ.ਓ. ਮੈਡਮ ਦੀ ਡਿਊਟੀ ਸਰਸ ਮੇਲੇ ’ਤੇ ਲੱਗੀ ਹੈ ਜਿਨ੍ਹਾਂ ਦੇ ਆਉਣ ’ਤੇ ਰਿਲੀਵ ਹੋ ਕੇ ਉਹ ਨਵਾਂ ਚਾਰਜ ਸੰਭਾਲਣਗੇ। ਜਦੋਂ ਇਸ ਸਬੰਧੀ ਬੀ.ਡੀ.ਪੀ.ਓ. ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਹ ਕਿਹਾ ਕਿ ਸੁਪਰਡੈਂਟ ਆਪਣੀ ਬਦਲੀ ਰੱਦ ਕਰਵਾਉਣ ਦਾ ਯਤਨ ਕਰ ਰਿਹਾ ਸੀ ਜੋ ਕਿ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਜਾਵੇਗਾ। ਸੀਨੀਅਰ ਅਧਿਕਾਰੀ ਦੇ ਆਦੇਸ਼ਾਂ ਦੇ 19 ਦਿਨ ਬਾਅਦ ਵੀ ਰਿਲੀਵ ਨਾ ਹੋਣ ’ਤੇ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ। ਜਦੋਂ ਇਸ ਸਬੰਧੀ ਡੀ.ਡੀ.ਪੀ.ਓ. ਦਿਲਾਵਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਪਰਡੈਂਟ ਵਲੋਂ ਤਬਾਦਲੇ ਦੇ ਆਦੇਸ਼ ਹੋਣ ਤੋਂ 48 ਘੰਟੇ ਬਾਅਦ ਰਿਲੀਵ ਹੋਣਾ ਤੇ ਚਾਰਜ ਸੰਭਾਲਣਾ ਜ਼ਰੂਰੀ ਹੈ ਜੇਕਰ ਅਜਿਹਾ ਨਹੀਂ ਹੋਇਆ ਤਾਂ ਇਹ ਹੁਕਮਾਂ ਦੀ ਉਲੰਘਣਾ ਹੈ। ਦੇਖਣਾ ਇਹ ਹੋਵੇਗਾ ਕਿ ਹੁਣ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਆਪਣੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਅਧਿਕਾਰੀ ਖਿਲਾਫ਼ ਕੀ ਕਾਰਵਾਈ ਕਰਦੇ ਹਨ।