ਹਰਮਨਦੀਪ ਮੱਲ੍ਹੀ ਨੇ ਆਮ ਆਦਮੀ ਪਾਰਟੀ ਛੱਡੀ
ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਮਨਦੀਪ ਸਿੰਘ ਮੱਲ੍ਹੀ ਨੇ ਅੱਜ ਆਮ ਆਦਮੀ ਪਾਰਟੀ ਛੱਡ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਇਸ ਨਾਲ ਜ਼ਿਲ੍ਹਾ ਪਰਿਸ਼ਦ ਲਈ ਗਾਲਿਬ ਜ਼ੋਨ ਤੋਂ ਅਕਾਲੀ ਉਮੀਦਵਾਰ ਦੀਦਾਰ ਸਿੰਘ ਮਲਕ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ। ਹਰਮਨਦੀਪ ਸਿੰਘ ਮੱਲ੍ਹੀ ਦਾ ਪਿੰਡ ਸ਼ੇਖਦੌਲਤ ਇਸ ਜ਼ੋਨ ਵਿੱਚ ਆਉਂਦਾ ਹੈ। ਇਸ ਮੌਕੇ ਹਰਮਨਦੀਪ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਦੀਦਾਰ ਸਿੰਘ ਮਲਕ ਦਾ ਡਟਵਾਂ ਸਾਥ ਦੇਣਗੇ। ਉਸ ਨੇ ਕਿਹਾ ਕਿ ਪੰਜਾਬ ਅੰਦਰ ਇਕ ਨਵੇਂ ਕ੍ਰਾਂਤੀਕਾਰੀ ਬਦਲਾਅ ਦਾ ਮੁੱਢ ਬੰਨ੍ਹਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਪ੍ਰੰਤੂ ਪੱਲੇ ਨਿਰਾਸ਼ਾ ਹੀ ਪਈ ਕਿਉਂਕਿ 'ਆਪ' ਆਪਣੇ ਮਿਸ਼ਨ ਤੇ ਟੀਚੇ ਤੋਂ ਭਟਕ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਹਰਮਨਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਆਉਣ ’ਤੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਰਮਨਦੀਪ ਮੱਲ੍ਹੀ ਇਕ ਮਿਹਨਤੀ ਨੌਜਵਾਨ ਹੈ ਤੇ ਅਜਿਹੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਲਾਜ਼ਮੀ ਲਾਹਾ ਦੇਵੇਗਾ। ਉਮੀਦਵਾਰ ਦੀਦਾਰ ਸਿੰਘ ਮਲਕ ਨੇ ਹਰਮਨਦੀਪ ਸਿੰਘ ਮੱਲ੍ਹੀ ਦਾ ਹਮਾਇਤ ਦੇਣ ਅਤੇ ਪਾਰਟੀ ਵਿੱਚ ਆਉਣ ’ਤੇ ਧੰਨਵਾਦ ਕਰਨ ਦੇ ਨਾਲ ਸਵਾਗਤ ਕੀਤਾ।
