ਹਰਦੀਪ ਸਿੰਘ ਬੀਕੇਯੂ (ਉਗਰਾਹਾਂ) ਦੀ ਸਵੱਦੀ ਖੁਰਦ ਕਮੇਟੀ ਦੇ ਪ੍ਰਧਾਨ ਬਣੇ
ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਸਵੱਦੀ ਖੁਰਦ ਇਕਾਈ ਦੀ ਚੋਣ ਵਿੱਚ ਅੱਜ ਹਰਦੀਪ ਸਿੰਘ ਸਵੱਦੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਹ ਚੋਣ ਪਰਮਜੀਤ ਸਿੰਘ ਸਵੱਦੀ ਅਤੇ ਰਾਮਸ਼ਰਨ ਸਿੰਘ ਰਸੂਲਪੁਰ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਅਤੇ ਯੁਵਰਾਜ ਸਿੰਘ ਘੁਡਾਣੀ ਵੀ ਸ਼ਾਮਲ ਹੋਏ। ਹਰਦੀਪ ਸਿੰਘ ਸਵੱਦੀ ਨੂੰ ਪਿੰਡ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਤੋਂ ਇਲਾਵਾ ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕੱਤਰ, ਗੁਰਦੇਵ ਸਿੰਘ ਸਹਾਇਕ ਸਕੱਤਰ ਚੁਣੇ ਗਏ।
ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਸਰਕਾਰ ਕਾਰਪੋਰੇਟਾਂ ਦੇ ਮੁਨਾਫ਼ੇ ਵਧਾਉਣ ਲਈ ਅਤੇ ਅਨਾਜ ਭੰਡਾਰ ’ਤੇ ਕਬਜ਼ਾ ਕਰਵਾਉਣ ਲਈ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਐਕੁਆਇਰ ਕਰਨ ਲਈ ਨਿੱਤ ਨਵੀਆਂ ਕਾਰਪੋਰੇਟ-ਪੱਖੀ ਨੀਤੀਆਂ ਲਿਆ ਰਹੀ ਹੈ। ਲੈਂਡ ਪੂਲਿੰਗ ਨੀਤੀ ਵੀ ਇਨ੍ਹਾਂ ਨੀਤੀਆਂ ਵਿੱਚੋਂ ਇਕ ਹੈ। ਸਰਕਾਰ ਇਸ ਸਕੀਮ ਤਹਿਤ ਕਿਸਾਨਾਂ ਦਾ ਉਜਾੜਾ ਕਰਨ 'ਤੇ ਤੁਲੀ ਹੋਈ ਹੈ। ਇਸ ਨਾਲ ਪਿੰਡਾਂ ਦੇ ਪਿੰਡਾਂ ਖ਼ਤਮ ਕਰਦੇ ਕਾਰਪੋਰੇਟਾਂ ਨੂੰ ਜ਼ਮੀਨ ਵਿੱਚ ਜਾਣ ਦਾ ਰਾਹ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦਾ ਵਿਰੋਧ ਕਰਨ ਲਈ ਏਕੇ ਨੂੰ ਹੋਰ ਤਕੜਾ ਕਰਕੇ ਸੰਘਰਸ਼ ਕਰਨ ਦੀ ਲੋੜ ਹੈ। ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ 24 ਅਗਸਤ ਨੂੰ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਵਿਸ਼ਾਲ ਰੈਲੀ ਸਮਰਾਲਾ ਦੀ ਦਾਣਾ ਮੰਡੀ ਵਿੱਚ ਰੱਖੀ ਹੈ। ਉਨ੍ਹਾਂ ਕਿਸਾਨਾਂ ਨੂੰ ਸਮਰਾਲਾ ਰੈਲੀ ਵਿੱਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਸੱਤਾ ਦੇ ਨਸ਼ੇ ਵਿੱਚ ਅੰਨ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨਾ ਤਕ ਆਵਾਜ਼ ਪਹੁੰਚਦੀ ਕੀਤੀ ਜਾ ਸਕੇ।