ਗਿਆਸਪੁਰਾ ਨੇ ਸ਼ਿਵ ਮੰਦਰ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ
ਇੱਥੋ ਦੇ ਪ੍ਰਾਚੀਨ ਮਹਾਂਦੇਵ ਮੰਦਰ ਨੂੰ ਜਾਣ ਵਾਲੀ ਲਿੰਕ ਸੜਕ ਦਾ ਨੀਂਹ ਪੱਥਰ ਅੱਜ ਇਥੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ। ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਹ ਸੜਕ ਠੀਕ ਕਰਵਾਈ ਜਾਵੇ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਇਹ ਸੜਕ ਟੁੱਟੀ ਹੋਣ ਕਾਰਨ ਕਾਫੀ ਸਾਲਾਂ ਤੋਂ ਲੋਕਾਂ ਦੀ ਮੁੱਖ ਮੰਗ ਬਣੀ ਹੋਈ ਸੀ। ਉਨ੍ਹਾਂ ਨੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਮਹਾਂਦੇਵ ਮੰਦਰ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਜਾਵੇ। ਇਹ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਦੀ ਸਪੱਸ਼ਟ ਉਦਾਹਰਣ ਹੈ ਕਿ ਸਰਕਾਰ ਹਰੇਕ ਧਾਰਮਿਕ ਤੇ ਆਮ ਜਨਹਿਤ ਦੇ ਕੰਮ ਤੇਜ਼ੀ ਨਾਲ ਕਰ ਰਹੀ ਹੈ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸਿਰਫ਼ ਸ਼ਰਧਾਲੂਆਂ ਨੂੰ ਹੀ ਨਹੀਂ, ਸਗੋਂ ਪੂਰੇ ਪਾਇਲ ਖੇਤਰ ਨੂੰ ਸੁਵਿਧਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲ ਲੋਕਾਂ ਦੀ ਸਹੂਲਤ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਹੈ। ਮਹਾਂਦੇਵ ਮੰਦਰ ਦੇ ਪੁਜਾਰੀ ਨੇ ਵੀ ਖੁਸ਼ੀ ਜਿਤਾਉਂਦਿਆਂ ਕਿਹਾ ਕਿ ਇਹ ਮੰਦਿਰ ਸਦੀਆਂ ਪੁਰਾਣਾ ਹੈ ਅਤੇ ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਆਉਂਦੇ ਹਨ। ਪਹਿਲਾਂ ਸ਼ਰਧਾਲੂਆਂ ਨੂੰ ਚਿੱਕੜ ਤੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਖਤਮ ਹੋ ਜਾਵੇਗੀ। ਸਾਰੇ ਆਏ ਹੋਏ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਉੱਪ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋ, ਸਾਬਕਾ ਡਾਇਰੈਕਟਰ ਮਨਜੀਤ ਸਿੰਘ ਮੀਤਾ, ਕੌਂਸਲਰ ਸੁਖਪ੍ਰੀਤ ਸਿੰਘ ਸੋਹੀ, ਰਾਜਿੰਦਰ ਕੁਮਾਰ ਰਾਜੂ ਹਾਜ਼ਰ ਸਨ।