ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਮਨਾਇਆ
ਇਥੋਂ ਦੇ ਲਲਹੇੜੀ ਰੋਡ ’ਤੇ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਵੇਰੇ ਨਿਤਨੇਮ ਦੀਆਂ ਬਾਣੀਆਂ ਅਤੇ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿਚ ਪਾਠਾਂ ਦੇ ਭੋਗ ਮਗਰੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰੂ ਸਾਹਿਬ ਦੀ ਜੀਵਨ ਸਬੰਧੀ ਕਥਾ ਵਖਿਆਨ ਨਾਲ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ। ਪ੍ਰਧਾਨ ਕਰਮਜੀਤ ਸਿੰਘ ਨੇ ਆਈਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਦਵਿੰਦਰ ਸਿੰਘ ਤੱਗੜ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਸਿੱਖ ਧਰਮ ਨਾਲ ਜੋੜਿਆ ਜਾਵੇ ਤਾਂ ਜੋ ਉਹ ਭਵਿੱਖ ਵਿਚ ਆਪਣੇ ਇਤਿਹਾਸ ਨੂੰ ਸੰਭਾਲ ਸਕਣ। ਉਨ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਨਵੰਬਰ ਨੂੰ ਮਨਾਏ ਜਾ ਰਹੇ ਬਾਬਾ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਮਤੀ ਮੌਕੇ ਮੁੱਖ ਗੰ੍ਰਥੀ ਭਾਈ ਗੁਰਸ਼ਰਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਪਰੰਤ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਦਵਿੰਦਰ ਸਿੰਘ ਮੋਹਲ, ਖੁਸ਼ਕਰਨ ਸਿੰਘ, ਜਰਨੈਲ ਸਿੰਘ, ਗੁਰਦਰਸ਼ਨ ਸਿੰਘ, ਦਵਿੰਦਰ ਸਿੰਘ ਤੱਗੜ, ਮਨਦੀਪ ਸਿੰਘ, ਅਰਵਿੰਦ ਸਿੰਘ, ਗੁਰਮੀਤ ਸਿੰਘ, ਕੇਸਰ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਮਨੀ ਸਿੰਘ, ਰਾਜਿੰਦਰ ਸਿੰਘ, ਮਨਮੋਹਨ ਸਿੰਘ ਹਾਜ਼ਰ ਸਨ।