ਗੁਰੂ ਨਾਨਕ ਸਕੂਲ ਦੇ ਕੈਡਿਟਾਂ ਨੇ ਸੀ ਏ ਟੀ ਸੀ ਕੈਂਪ ’ਚ ਹਿੱਸਾ ਲਿਆ
ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 18 ਕੈਡਿਟਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਫਤਹਿਗੜ੍ਹ ਸਾਹਿਬ ਵਿੱਚ ਲੈਫਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਦੀ ਅਗਵਾਈ ਹੇਠ ਕਰਵਾਏ 65 ਸੀ ਏ ਟੀ ਸੀ ਕੈਂਪ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਡੀਪੀ ਠਾਕੁਰ ਨੇ ਦੱਸਿਆ ਕਿ ਇਸ ਕੈਂਪ ਵਿੱਚ 15 ਸਕੂਲਾਂ ਦੇ 488 ਕੈਡਿਟਾਂ ਨੇ ਹਿੱਸਾ ਲੈਂਦਿਆਂ ਉਕਤ ਸਕੂਲ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਅਤੇ ਤਲਵਿੰਦਰ ਸਿੰਘ ਨੇ ਕੈਡਿਟਾਂ ਨੂੰ ਹਥਿਆਰ ਸਿਖਲਾਈ, ਨਕਸ਼ਾ ਪੜ੍ਹਨਾ, ਡਰਿੱਲ, ਅੱਗ ਬੁਝਾਊ ਯੰਤਰ ਸਿਖਲਾਈ, ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ, ਭੋਜਨ ਸੇਵਾ, ਖੇਡਾਂ, ਸਿਹਤ, ਸਫਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਲਾਲ ਸਿੰਘ ਤੇ ਇਮਰਾਨ ਮੁਹੰਮਦ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਸੋਨ, ਗੁਰਸੇਵਕ ਸਿੰਘ ਅਤੇ ਸੁਖਵਿੰਦਰ ਸਿੰਘ ਗਿੱਲ ਵਾਲੀਬਾਲ ਵਿਚ ਦੋ ਸੋਨ, ਕਰਨਵੀਰ ਸਿੰਘ ਤੇ ਗੁਰਲਾਲ ਸਿੰਘ ਨੇ ਫੂਡ ਸਰਵਿਸ ਵਿਚ ਸੋਨ ਤਮਗਾ ਹਾਸਲ ਕੀਤਾ। ਗਰੁੱਪ ਕਮਾਂਡਰ ਬ੍ਰਿਗੇਡੀਅਰ ਪੀ ਐੱਸ ਚੀਮਾ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਬਣਦੀਆਂ ਹਨ। ਅੰਤ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਕੈਡਿਟਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
