ਜਵੱਦੀ ਟਕਸਾਲ ਵਿੱਚ ਗੁਰੂ ਅਮਰਦਾਸ ਦਾ ਜੋਤੀ ਜੋਤ ਦਿਹਾੜਾ ਮਨਾਇਆ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਗੁਰੂ ਅਮਰਦਾਸ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਹੋਇਆ।
ਸਮਾਗਮ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ। ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਨੇ ਗੁਰੂ ਅਮਰਦਾਸ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਕਿ ਗੁਰੂ ਸਾਹਿਬ ਨੇ 18 ਰਾਗਾਂ ਵਿੱਚ ਸ਼ਬਦ ਉਚਾਰ ਕੇ ਮਨੁੱਖਤਾ ਨੂੰ ਸਚਿਆਰਾ ਬਣਨ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਗੁਰੂ ਸਾਹਿਬ ਵੱਲੋਂ ਉਚਾਰੀ ਗੁਰਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰੇ ਅਤੇ ਚਿੱਤ ਨੂੰ ਇਕਾਗਰ ਕਰਕੇ ਨਾਮ ਸਿਮਰਨ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜੇ। ਉਨ੍ਹਾਂ ਗੁਰੂ ਸਾਹਿਬ ਜੀ ਦੇ ਮਨੁੱਖਤਾ ਨੂੰ ਦਿੱਤੇ ਉਪਦੇਸ਼ਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਮਨੁੱਖ ਨੂੰ ਝੂਠੇ ਨਸ਼ਿਆਂ ਦਾ ਤਿਆਗ ਕਰਕੇ ਨਾਮ ਵਿੱਚ ਆਪਣੀ ਆਤਮਾ ਨੂੰ ਰੰਗ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਲਈ ਤੱਤਪਰ ਰਹਿਣ ਦੀ ਲੋੜ੍ਹ ’ਤੇ ਜ਼ੋਰ ਦਿੱਤਾ।