ਗੁਰੂ ਅਰਜਨ ਦੇਵ ਦੇ ਗੁਰਿਆਈ ਦਿਵਸ ਸਬੰਧੀ ਸਮਾਗਮ
ਗੁਰੂਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਵਿਖਿਆਨ ਕੀਤਾ। ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿੱਚ ਹੋਏ ਗੁਰਮਤਿ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਰਾਜਪੁਰਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਮੁੱਖ ਕਥਾ ਵਾਚਕ ਗਿਆਨੀ ਮਨਪ੍ਰੀਤ ਸਿੰਘ ਨੇ ਪਵਿੱਤਰ ਦਿਹਾੜੇ ਨਾਲ ਸਬੰਧਿਤ ਇਤਿਹਾਸ ਬਾਰੇ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤ ਦਾ ਧੰਨਵਾਦ ਕਰਦਿਆਂ ਜਥਿਆਂ ਨੂੰ ਸਿਰਪਾਓ ਭੇਂਟ ਕੀਤੇ। ਇਸ ਮੌਕੇ ਤੇਜਿੰਦਰ ਸਿੰਘ ਡੰਗ, ਤਰਲੋਚਨ ਸਿੰਘ ਬੱਬਰ, ਇੰਦਰਜੀਤ ਸਿੰਘ ਗੋਲਾ, ਬਲਜੀਤ ਸਿੰਘ ਦੁਖੀਆ, ਮੋਹਨ ਸਿੰਘ ਚੋਹਾਨ, ਅਰਜਨ ਸਿੰਘ ਚੀਮਾ, ਜਗਦੇਵ ਸਿੰਘ ਗੋਹਲਵੜੀਆ ਅਤੇ ਜਤਿੰਦਰਪਾਲ ਸਿੰਘ ਸਲੂਜਾ ਸਮੇਤ ਕਈ ਆਗੂ ਹਾਜ਼ਰ ਸਨ।
ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਹੋਏ ਗੁਰਮਤਿ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਜਗਤਾਰ ਸਿੰਘ ਰਾਜਪੁਰਾ, (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਗਗਨਪ੍ਰੀਤ ਸਿੰਘ (ਹਜ਼ੂਰੀ ਰਾਗੀ ਮੁਕਤਸਰ ਸਾਹਿਬ) ਅਤੇ ਭਾਈ ਵਰਜਿੰਦਰ ਸਿੰਘ ਖਾਲਸਾ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਹੈਡ ਗ੍ਰੰਥੀ ਗਿਆਨੀ ਬਚਿੱਤਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਨੇ ਕੀਰਤਨੀ ਜੱਥਿਆਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸੰਗਤ ਦਾ ਧੰਨਵਾਦ ਕੀਤਾ।