ਕੇਂਦਰ ਵੱਲੋਂ ਰੂਸ ਭੇਜੇ ਵਫ਼ਦ ’ਚ ਲੁਧਿਆਣਾ ਦਾ ਗੁਰਦੀਪ ਸ਼ਾਮਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਜੰਗ ਦੇ ਸੰਦੇਸ਼ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਸਰਕਾਰ ਵੱਲੋਂ ਭਾਰਤੀ ਉਤਪਾਦਕਾਂ ਦੀ ਬਰਾਮਦ ਸਮਰੱਥਾ ਨੂੰ ਉਤਸ਼ਾਹਿਤ ਕਰਨ ਲਈ ਵਪਾਰੀਆਂ ਦਾ ਜੋ ਪ੍ਰਤਿਨਿਧੀ ਮੰਡਲ ਉਜ਼ਬੇਕਿਸਤਾਨ ਤੇ ਰੂਸ ਭੇਜਿਆ ਗਿਆ ਹੈ ਉਸ ਵਿੱਚ ਲੁਧਿਆਣਾ ਦਾ ਗੁਰਦੀਪ ਸਿੰਘ ਗੋਸ਼ਾ ਪੰਜਾਬ ਮੰਡਲ ਦੀ ਪ੍ਰਧਾਨਗੀ ਕਰ ਰਿਹਾ ਹੈ।
ਗੁਰਦੀਪ ਗੋਸ਼ਾ ਭਾਜਪਾ ਪੰਜਾਬ ਦਾ ਪੈਨਲਿਸਟ ਹੈ ਜੋ ਇਸ ਦੌਰੇ ਦੌਰਾਨ ਇਹ ਸੰਭਾਵਨਾ ਜਾਨਣ ਦੀ ਕੋਸ਼ਿਸ਼ ਕਰੇਗਾ ਕਿ ਭਵਿੱਖ ਵਿੱਚ ਜੇਕਰ ਭਾਰਤ ਸਰਕਾਰ ਰੂਸ, ਕਜ਼ਾਖਸਤਾਨ, ਕਿਰਗਿਜ਼ਸਤਾਨ, ਬੇਲਾਰੂਸ ਅਤੇ ਆਰਮੀਨੀਆ ਅਧਾਰਿਤ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਸਮਝੌਤਾ ਕਰਦੀ ਹੈ ਤਾਂ ਭਾਰਤੀ ਉਦਯੋਗਿਕ ਇਕਾਈਆਂ ’ਤੇ ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਦੇ ਉਤਪਾਦਕਾਂ ਨੂੰ ਵਿਸ਼ਵ ਪੱਧਰ ’ਤੇ ਬਰਾਮਦ ਯੋਗ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਗੋਸ਼ਾ ਨੇ ਪੰਜਾਬ ਦੇ ਕਿਸਾਨਾਂ, ਰੀਟੇਲ ਵਪਾਰੀਆਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸੁਝਾਅ ਭੇਜਣ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਭਾਰਤ ਦੀ ਨਿਰਯਾਤ ਸਮਰੱਥਾ ਕਿਵੇਂ ਵਧਾਈ ਜਾ ਸਕਦੀ ਹੈ।