ਗੁਲਜ਼ਾਰ ਗਰੁੱਪ ’ਚ ਕੌਮਾਂਤਰੀ ਵਿਦਿਆਰਥੀਆਂ ਲਈ ਪ੍ਰੋਗਰਾਮ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਅੱਜ ਵੱਖ ਵੱਖ ਕੋਰਸਾਂ ਵਿੱਚ ਪੜ੍ਹਨ ਵਾਲੇ ਕੌਮਾਂਰਤੀ ਵਿਦਿਆਰਥੀਆਂ ਲਈ ਸਥਿਤੀ ਗਿਆਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਕਾਲਜ ਵਿੱਚ ਆਪਣੀ ਨਵੀਂ ਯਾਤਰਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ ਚਿੱਤਰ, ਮੈਨੇਜਮੈਂਟ ਦੇ ਵਿਸ਼ਾਲ ਖੇਤਰ ਤੋਂ ਸੁਣਨ ਦੇਖਣ ਅਤੇ ਸਲਾਈਡ ਦਿਖਾ ਕੇ ਜਾਣੂੰ ਕਰਵਾਇਆ ਗਿਆ ਅਤੇ ਕਾਲਜ ਦੇ ਵਿਕਾਸ ਦਾ ਸਫ਼ਰ ਵੀ ਸਾਂਝਾ ਕੀਤਾ ਗਿਆ। ਡਾਇਰੈਕਟਰ ਡਾ. ਹਨੀ ਸ਼ਰਮਾ ਨੇ ਵਿਸ਼ਵ ਦੇ ਵੱਖ ਵੱਖ ਖੇਤਰਾਂ ਤੋਂ ਸਿੱਖਿਆ ਹਾਸਲ ਕਰਨ ਆਏ ਨਵੇਂ ਵਿਦਿਆਰਥੀਆਂ ਨੂੰ ‘ਜੀ ਆਇਆ’ ਆਖਦਿਆਂ ਹਰ ਵਿਦਿਆਰਥੀ ਨੂੰ ਆਪਣਾ ਟੀਚਾ ਮਿੱਥ ਕੇ ਨਿਸ਼ਾਨੇ ਤੱਕ ਪਹੁੰਚਣ ਲਈ ਰਣਨੀਤੀ ਹੁਣ ਤੋਂ ਹੀ ਬਣਾਉਣ ਲਈ ਪ੍ਰੇਰਿਆ।
ਉਨ੍ਹਾਂ ਅਨੁਸਾਸ਼ਨ, ਸਕਾਰਾਤਮਿਕ ਰਵੱਈਆ ਅਤੇ ਤਿਆਗ ਦੀ ਭਾਵਨਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੀ ਜ਼ਿੰਦਗੀ ਦਾ ਮਕਸਦ ਪਾਉਣ ਲਈ ਹਮੇਸ਼ਾਂ ਉੱਚਾ ਨਿਸ਼ਾਨਾ ਰੱਖਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਾਇਬ੍ਰੇਰੀ ਅਤੇ ਇੰਟਰਨੈਟ ਦਾ ਪ੍ਰਯੋਗ ਕਰਨ ਲਈ ਕਿਹਾ। ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਗੁਲਜ਼ਾਰ ਗਰੁੱਪ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਨਾਲ ਪਰੰਪਰਾਗਤ ਸਿੱਖਿਆ ਵੀ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਜੇਕਰ ਉਹ ਚੰਗੇ ਨੰਬਰ ਲੈ ਕੇ ਆਪਣੀ ਡਿਗਰੀ ਪਾਸ ਕਰਦੇ ਹਨ ਤਾਂ ਉਨ੍ਹਾਂ ਦਾ ਉੱਜਵਲ ਭਵਿੱਖ ਨਿਸ਼ਚਿਤ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਬੜੀ ਸਰਲਤਾ ਨਾਲ ਜਵਾਬ ਦਿੱਤੇ ਅਤੇ ਵਿਦਿਆਰਥੀਆਂ ਨੇ ਪਹਿਲੇ ਦਿਨ ਦਾ ਤਜ਼ਰਬਾ ਸਭ ਨਾਲ ਸਾਂਝਾ ਕੀਤਾ।