ਖੇਡਾਂ ’ਚ ਮੱਲਾਂ ਮਾਰਨ ਵਾਲੀਆਂ ਗੁੱਜਰਵਾਲ ਦੀਆਂ ਖਿਡਾਰਨਾਂ ਸਨਮਾਨਿਤ
ਪਿੰਡ ਗੁੱਜਰਵਾਲ ਦੇ ਜੰਮਪਲ ਅਤੇ ਹਾਂਗਕਾਂਗ ਵਾਸੀ ਚਰਨਜੀਤ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਬਣੇ ਆਧੁਨਿਕ ਖੇਡ ਪਾਰਕ ਵਿੱਚ ਫੁੱਟਬਾਲ ਅਕੈਡਮੀ ਦੀਆਂ 17 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਨਾਂ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਬਦਲੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਮਲਜੀਤ ਸਿੰਘ ਗਰੇਵਾਲ ਅਤੇ ਸਰਬਜੀਤ ਸਿੰਘ ਅਨੁਸਾਰ ਦਾਖਾ ਵਿੱਚ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਗੁੱਜਰਵਾਲ ਫੁੱਟਬਾਲ ਅਕੈਡਮੀ ਦੀਆਂ 17 ਸਾਲ ਤੋਂ ਘੱਟ ਉਮਰ ਵਰਗ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਅਤੇ 14 ਸਾਲ ਤੋਂ ਘੱਟ ਉਮਰ ਵਰਗ ਦੀਆਂ ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਗੁੱਜਰਵਾਲ ਦੀ ਫੁੱਟਬਾਲ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਮੱਲਾਂ ਮਾਰ ਕੇ ਘਰ ਪਰਤੀਆਂ ਖਿਡਾਰਨਾਂ ਨੂੰ ਸਰਪੰਚ ਹਰਦੀਪ ਸਿੰਘ ਗਰੇਵਾਲ, ਬੂਟਾ ਸਿੰਘ ਧਾਲੀਵਾਲ ਅਤੇ ਜਥੇਦਾਰ ਜਗਰੂਪ ਸਿੰਘ ਸਮੇਤ ਹੋਰਨਾ ਵੱਲੋਂ ਤਗਮਿਆਂ ਨਾਲ ਸਨਮਾਨ ਕੀਤਾ।
ਪ੍ਰਬੰਧਕਾਂ ਵੱਲੋਂ ਅਕੈਡਮੀ ਦੇ ਖਿਡਾਰੀਆਂ ਲਈ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਮਨਿੰਦਰਜੀਤ ਸਿੰਘ ਬਾਵਾ ਟਰੱਸਟੀ ਗੁਰਦੁਆਰਾ ਰਾੜਾ ਸਾਹਿਬ, ਗੁਰਜੀਤ ਸਿੰਘ ਨਾਰੰਗਵਾਲ ਅਤੇ ਯਸੂਸ਼ਵੀ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਸਟਰ ਸੁਖਪਾਲ ਸਿੰਘ, ਜਗਦੇਵ ਸਿੰਘ ਗਰੇਵਾਲ, ਪ੍ਰਧਾਨ ਦਿਆਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।