ਲੁਧਿਆਣਾ ਵਿੱਚ 62 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਫੜੀ
ਲੁਧਿਆਣਾ ਵਿੱਚ ਜੀਐੱਸਟੀ ਵਿਭਾਗ ਦੇ ਅਧਿਕਰੀਆਂ ਨੇ ਆਡੀਓ ਵੀਡੀਓ ਪ੍ਰੋਡਕਸ਼ਨ ਉਤਪਾਦਨ ਖੇਤਰ ਵਿੱਚ ਕਈ ਫਰਮਾਂ ਦੀ ਜਾਂਚ ਕੀਤੀ। ਵੀਰਵਾਰ ਨੂੰ ਕੇਂਦਰੀ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨੇ 62 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਇਸ ਮਾਮਲੇ ਦੀ ਹਾਲੇ ਅਧਿਕਾਰੀ ਕੋਈ ਪੁਸ਼ਟੀ ਨਹੀਂ ਕਰ ਰਹੇ ਹਨ। ਨਾ ਹੀ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਪਛਾਣ ਬਾਰੇ ਹਾਲੇ ਕੁੱਝ ਦੱਸਿਆ ਹੈ। ਜੀਐੱਸਟੀ ਅਧਿਕਾਰੀਆਂ ਦੀ ਰਡਾਰ ’ਤੇ ਲੁਧਿਆਣਾ ਦੀਆਂ ਹੋਰ ਵੀ ਕੰਪਨੀਆਂ ਹਨ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਇਹ ਸਭ ਖੁਲਾਸਾ ਕੀਤਾ ਜਾਵੇਗਾ।
ਜੀਐੱਸਟੀ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ, ਇਨ੍ਹਾਂ ਫਰਮਾਂ ਨੇ ਵਿਦੇਸ਼ੀ ਸੰਸਥਾਵਾਂ ਤੋਂ 342 ਕਰੋੜ ਰੁਪਏ ਦੀਆਂ ਸੇਵਾਵਾਂ ਆਯਾਤ ਕੀਤੀਆਂ ਗਈ ਸਨ। ਜਿਨ੍ਹਾਂ ਦੇ ਜਰੀਏ ਜੀਐੱਸਟੀ ਚੋਰੀ ਕੀਤੀ ਗਈ ਹੈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਜੀਐੱਸਟੀ ਕਾਨੂੰਨਾਂ ਅਨੁਸਾਰ ਕਿਸੇ ਵੀ ਲਾਜ਼ਮੀ ਦਸਤਾਵੇਜ਼ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਹੈ ਜੋ ਕਿ ਟੈਕਸ ਚੋਰੀ ਦੀ ਸਪੱਸ਼ਟਤਾਂ ਨੂੰ ਦਰਸ਼ਾਉਂਦਾ ਹੈ। ਇਨ੍ਹਾਂ ਕਈ ਫਰਮਾਂ ਨੂੰ ਬਣਾਉਣ ਅਤੇ ਚਲਾਉਣ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਦੋ ਗ੍ਰਿਫ਼ਤਾਰੀਆਂ ਦੇ ਨਾਲ, ਜੀਐੱਸਟੀ ਚੋਰੀ ਦੇ ਨੈਟਵਰਕ ਬਾਰੇ ਹੋਰ ਪਤਾ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ, ਸੀਜੀਐੱਸਟੀ ਲੁਧਿਆਣਾ ਨੇ ਪਿਛਲੇ ਹਫ਼ਤੇ ਫਤਿਹਗੜ੍ਹ ਦੇ ਮੰਡੀ ਗੋਬਿੰਦਗੜ੍ਹ ਵਿੱਚ ਕਈ ਤਲਾਸ਼ੀ ਅਭਿਆਨ ਚਲਾਏ ਸਨ। ਜਿਥੇ ਪੰਜ ਫਰਮਾਂ ਦਾ ਇਸਤੇਮਾਲ ਕਰਕੇ ਲੋਹਾ ਤੇ ਸਟੀਲ ਖੇਤਰ ਵਿੱਚ ਨਕਲੀ ਇਨਪੁੱਟ ਟੈਕਸ ਕ੍ਰੈਡਿਟ ਹਾਸਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ।