ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ
ਸੂਬੇ ਦੇ ਉਦਯੋਗਿਕ ਹੱਬ ਵਿੱਚ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਦੇ ਹੋਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਮੰਗਲਵਾਰ ਨੂੰ ਫਾਇਰ ਬ੍ਰਿਗੇਡ ਦੇ ਬੇੜੇ ਵਿੱਚ ਸ਼ਾਮਲ ਕੀਤੇ ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦਿਖਾਈ। ਤਿੰਨ ਫਾਇਰ ਟੈਂਡਰਾਂ ਵਿੱਚ ਇੱਕ ਮਿਨੀ ਫਾਇਰ ਟੈਂਡਰ, ਇੱਕ ਮਲਟੀਪਰਪਜ਼ ਫਾਇਰ ਟੈਂਡਰ ਅਤੇ ਇੱਕ ਵਾਟਰ ਮਿਸਟ-ਕਮ-ਰੈਸਕਿਊ ਟੈਂਡਰ ਸ਼ਾਮਲ ਹਨ। ਇਨ੍ਹਾਂ ਫਾਇਰ ਟੈਂਡਰਾਂ ਦੀ ਕੀਮਤ ਲਗਪਗ 1.5 ਕਰੋੜ ਰੁਪਏ ਹੈ। ਨਿਗਮ ਵੱਲੋਂ ਕਟਰ ਅਤੇ ਕੁਝ ਐੱਲ ਈ ਡੀ ਲਾਈਟਾਂ ਵੀ ਖ਼ਰੀਦੀਆਂ ਗਈਆਂ ਹਨ ਜੋ ਰਾਤ ਦੇ ਸਮੇਂ ਅੱਗ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਦੀ ਮਦਦ ਕਰਨਗੀਆਂ। ਇਸ ਦੌਰਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀਰਜ ਜੈਨ, ਏ ਡੀ ਐੱਫ ਓ ਜਸਵਿੰਦਰ ਸਿੰਘ, ਐੱਫ ਐੱਸ ਓ ਕਰਤਾਰ ਸਿੰਘ ਸਦੇ ਫਾਇਰ ਬ੍ਰਿਗੇਡ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਨ੍ਹਾਂ ਤਿੰਨ ਫਾਇਰ ਟੈਂਡਰਾਂ ਨੂੰ ਫਲੀਟ ਵਿੱਚ ਸ਼ਾਮਲ ਕਰਨ ਨਾਲ ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
ਮੇਅਰ ਇੰਦਰਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ।