ਵੈਟਰਨਰੀ ਯੂਨੀਵਰਸਿਟੀ ਨੂੰ ਤਜਰਬਾ ਸਿੱਖਿਆ ਪ੍ਰਾਜੈਕਟ ਤਹਿਤ ਗਰਾਂਟ ਜਾਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਤਜਰਬਾ ਸਿੱਖਿਆ ਪ੍ਰਾਜੈਕਟ ਤਹਿਤ 45 ਲੱਖ ਰੁਪਏ ਦੀ ਵਿਤੀ ਰਾਸ਼ੀ ਮਿਲੀ ਹੈ। ਇਸ ਰਾਸ਼ੀ ਨਾਲ ਯੂਨੀਵਰਸਿਟੀ ਦਾ ਵੈਟਰਨਰੀ ਪ੍ਰਸੂਤੀ ਵਿਭਾਗ ਕੁੱਤਿਆਂ ਵਿੱਚ ਮਸਨੂਈ ਗਰਭਦਾਨ ਪ੍ਰਾਜੈਕਟ ਤਹਿਤ ਖੋਜ ਅਤੇ ਵਿਹਾਰਕ ਕਾਰਜ ਕਰੇਗਾ।
ਵਿਭਾਗ ਮੁਖੀ ਅਤੇ ਇਸ ਪ੍ਰਾਜੈਕਟ ਟੀਮ ਦੇ ਆਗੂ ਡਾ. ਮਿਰਗੰਕ ਹੋਨਪਾਰਖੇ ਨੇ ਦੱਸਿਆ ਕਿ ਸਾਨੂੰ ਪਾਲਤੂ ਕੁੱਤਿਆਂ ਦੇ ਮਾਲਕਾਂ ਅਤੇ ਇਸ ਖੇਤਰ ਦੇ ਪੇਸ਼ੇਵਰਾਂ ਨੇ ਵੱਖ ਵੱਖ ਮੌਕਿਆਂ ’ਤੇ ਇਹ ਮੰਗ ਰੱਖੀ ਸੀ ਕਿ ਕੁੱਤਿਆਂ ਵਿੱਚ ਬਿਹਤਰ ਨਸਲ ਲਈ ਮਸਨੂਈ ਗਰਭਦਾਨ ਦੀ ਬਹੁਤ ਲੋੜ ਹੈ। ਇਸ ਵਿਭਾਗ ਨੇ ਇਸ ਕਾਰਜ ਦੇ ਲਈ ਪਹਿਲਾਂ ਹੀ ਕਾਫੀ ਖੋਜ ਅਤੇ ਮਿਆਰੀਕਰਨ ਕੀਤਾ ਹੋਇਆ ਹੈ। ਇਹ ਵਿਤੀ ਰਾਸ਼ੀ ਯੂਨੀਵਰਸਿਟੀ ਵਿਚ ਕੁੱਤਿਆਂ ਦੇ ਵੀਰਜ ਦਾ ਉੱਚ ਦਰਜੇ ਦਾ ਬੈਂਕ ਬਣਾਉਣ ਸੰਬਧੀ ਕੰਮ ਆਵੇਗੀ ਜੋ ਕਿ ਮੁਲਕ ਵਿੱਚ ਇਸ ਕਿਸਮ ਦਾ ਪਹਿਲਾ ਬੈਂਕ ਹੋਵੇਗਾ। ਇਸ ਬੈਂਕ ਵਿੱਚ ਆਮ ਅਤੇ ਵਿਸ਼ੇਸ਼ ਹਰ ਕਿਸਮ ਦੇ ਕੁੱਤਿਆਂ ਦਾ ਵੀਰਜ ਪ੍ਰਜਣਨ ਮੰਤਵ ਵਾਸਤੇ ਰੱਖਿਆ ਜਾਵੇਗਾ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਸ਼ੂਧਨ ਅਤੇ ਪਾਲਤੂਆਂ ਦੇ ਮਾਲਕਾਂ ਦੀ ਸਹੂਲਤ ਹਿਤ ਵੱਧ ਤੋਂ ਵੱਧ ਸੇਵਾਵਾਂ ਵਿਕਸਿਤ ਕੀਤੀਆਂ ਜਾਣਗੀਆਂ। ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਅਤੇ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਸੰਜੀਵ ਕੁਮਾਰ ਉੱਪਲ ਨੇ ਕਿਹਾ ਕਿ ਇਸ ਨਿਵੇਕਲੇ ਕਾਰਜ ਨਾਲ ਜਿਥੇ ਵਿਦਿਆਰਥੀ ਨਵੇਂ ਗਿਆਨ ਦੇ ਰੂ-ਬ-ਰੂ ਹੋਣਗੇ ਉਥੇ ਉਹ ਪਾਲਤੂ ਕੁੱਤਿਆਂ ਸਬੰਧੀ ਮਸਨੂਈ ਗਰਭਦਾਨ ਦੀ ਵਿਧੀ ਦਾ ਹੁਨਰ ਵੀ ਸਿਖ ਸਕਣਗੇ।