ਖੰਨਾ ਕਾਲਜ ’ਚ ਸਰਕਾਰ ਦੀ ਉੱਚ ਸਿੱਖਿਆ ਨੀਤੀ ਦੀ ਆਲੋਚਨਾ
ਇਥੋਂ ਦੇ ਏਐੱਸ ਕਾਲਜ ਵਿੱਚ ਅੱਜ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਅਗਵਾਈ ਹੇਠ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ 136 ਏਡਿਡ ਕਾਲਜਾਂ ਵਿੱਚ ਲਾਗੂ ਕੀਤੀ ਗਈ ਉੱਚ ਸਿੱਖਿਆ ਪਾਲਿਸੀ ਤੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਨੇ ਉੱਚ ਸਿੱਖਿਆ ਅਧੀਨ ਏਡਿਡ ਕਾਲਜਾਂ ਦੇ ਹਾਲਾਤ ਇੰਨੇ ਬੱਦਤਰ ਕਰ ਦਿੱਤੇ ਹਨ ਕਿ ਸਾਨੂੰ ਸਰਕਾਰ ਦੀਆਂ ਫੇਲ੍ਹ ਨੀਤੀਆਂ, ਵਿੱਤੀ ਸੰਕਟ ਤੋਂ ਕਾਲਜਾਂ ਦੇ ਲੱਖਾਂ ਬੱਚਿਆਂ ਨੂੰ ਜਾਣੂੰ ਕਰਵਾਉਣਾ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਲੱਛੇਦਾਰ ਭਾਸ਼ਨਾਂ ਤੋਂ ਲੋਕਾਂ ਨੂੰ ਬਚ ਕੇ ਰਹਿਣਾ ਪਵੇਗਾ। ਮੁੱਖ ਮੰਤਰੀ ਜੋ ਪੰਜਾਬ ਵਿਚ ਕਿੱਕਲੀਆਂ ਪਵਾਉਣ ਦੀਆਂ ਗੱਲਾਂ ਕਰਦੇ ਸੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ 6-6 ਮਹੀਨੇ ਬਿਨ੍ਹਾਂ ਤਨਖਾਹ ਤੋਂ ਏਡਿਡ ਕਾਲਜਾਂ ਦੇ ਮਾਲੀ, ਸਫਾਈ ਕਰਮਚਾਰੀ, ਕਲਰਕ, ਪ੍ਰੋਫੈਸਰ ਕਿੰਨੇ ਬੁਰੇ ਹਾਲਾਤਾਂ ਵਿਚ ਕੱਟ ਰਹੇ ਹਨ। ਪ੍ਰੋ. ਕਮਲਪ੍ਰੀਤ ਨੇ ਕਿਹਾ ਕਿ ਸਾਡੇ ਮਾਣਯੋਗ ਸਿੱਖਿਆ ਮੰਤਰੀ ਏਨੇ ਕਾਬਿਲ ਹਨ ਕਿ 32 ਮਹੀਨਿਆਂ ਤੋਂ ਅੱਜ ਤੱਕ ਉਹ ਪੰਜਾਬ ਦੇ 136 ਕਾਲਜਾਂ ਵਿਚੋਂ ਕਿਸੇ ਵੀ ਕਾਲਜ ਵਿਚ ਪੈਰ ਨਹੀਂ ਪਾਇਆ। ਮੰਗਾਂ ਸਬੰਧੀ ਸੈਂਕੜੇ ਮੰਗ ਪੱਤਰ, ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਅੱਜ ਤੱਕ ਮੰਤਰੀ ਸਾਹਿਬ ਨੂੰ ਕਾਲਜਾਂ ਦੀਆਂ ਸਮੱਸਿਆਵਾਂ ਬਾਰੇ ਨਹੀਂ ਪਤਾ। ਡਾ. ਅਮਰਦੀਪ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਦਿੱਲੀ ਦੀਆਂ ਚੋਣਾਂ ਵਿਚ ਵਰਤਿਆ ਗਿਆ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੀ ਕਿਸਮਤ ਸਹਾਰੇ ਛੱਡ ਦਿੱਤਾ। ਡਾ.ਗੋਲਡੀ ਗਰਗ ਨੇ ਕਿਹਾ ਕਿ ਪੰਜਾਬ ਵਿਚ 64 ਸਰਕਾਰੀ ਕਾਲਜ ਅਤੇ 136 ਏਡਿਡ ਕਾਲਜ ਹਨ ਅਤੇ ਪੰਜਾਬ ਦੇ ਗਰੀਬ ਬੱਚਿਆਂ ਨੂੰ ਮਿਆਰੀ ਉੱਚ ਸਿੱਖਿਆ ਸਾਲਾਂ ਤੋਂ ਇਹ ਏਡਿਡ ਕਾਲਜ ਦੇ ਰਹੇ ਹਨ ਪ੍ਰਤੂੰ ਲੱਗਦਾ ਹੈ ਕਿ ਹੁਣ ਸਰਕਾਰ ਇਨ੍ਹਾਂ ਕਾਲਜਾਂ ਨੂੰ ਵੀ ਖ਼ਤਮ ਕਰਨ ਦੇ ਰਾਹ ’ਤੇ ਤੁਰੀ ਹੋਈ ਹੈ। ਡਾ.ਮੋਨਿਕਾ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਮਨਮਰਜ਼ੀਆਂ ਕਰਨ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਏਡਿਡ ਕਾਲਜਾਂ ਦੇ ਪ੍ਰੋਫੈਸਰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮੰਗਾਂ ਸਬੰਧੀ ਧਰਨਾ ਦੇਣਗੇ।