ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਦੀ ਕਾਰਵਾਈ ਢਿੱਲੀ ਕਰਾਰ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਵਿੱਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਅਕਾਲੀ ਦਲ ਸਮੇਤ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਅੱਜ ਅਕਾਲੀ ਆਗੂ ਪਵਿੱਤਰ ਸਿੰਘ ਹੈਪੀ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਡੰਗ ਨੇ ਕਿਹਾ ਕਿ ਹੜ੍ਹਾਂ ਕਾਰਨ ਅੱਧੇ ਤੋਂ ਵੱਧ ਪੰਜਾਬ ਵਿੱਚ ਭਾਰੀ ਤਬਾਹੀ ਹੋਈ ਹੈ। ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ, ਹਜ਼ਾਰਾਂ ਡੰਗਰ ਪਾਣੀ ਦੀ ਭੇਟ ਚੜ੍ਹੇ ਹਨ ਅਤੇ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਉਨ੍ਹਾਂ ਕਿਹਾ ਕਿ ਇੰਨੀ ਤਬਾਹੀ ਹੋਣ ਦੇ ਬਾਵਜੂਦ ‘ਆਪ’ ਦੇ ਮੰਤਰੀ ਅਤੇ ਹੋਰ ਆਗੂ ਸਿਰਫ਼ ਫ਼ੋਟੋ ਸ਼ੂਟ ਤੱਕ ਹੀ ਸੀਮਤ ਹਨ।
ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਫੌਰੀ ਤੌਰ ’ਤੇ ਐਲਾਨਿਆ ਮੁਆਵਜ਼ਾ ਅਦਾ ਕਰੇ ਤਾਂ ਜੋ ਉਹ ਆਪਣੇ ਖੇਤਾਂ ਦੀ ਸਫ਼ਾਈ ਕਰਕੇ ਅਗਲੀ ਫ਼ਸਲ ਦੀ ਬਿਜਾਈ ਕਰ ਸੱਕਣ। ਸਰਬਜੀਤ ਸਿੰਘ ਛਾਪਾ ਨੇ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਖ਼ਾਦ ਅਤੇ ਬੀਜ ਮੁਹੱਈਆ ਕਰਾਏ। ਉਨ੍ਹਾਂ ਫ਼ਸਲੀ ਕਰਜ਼ੇ ਮਾਫ਼ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਗੁਰਦੀਪ ਸਿੰਘ ਰਾਣਾ ਡੰਗ ਵੀ ਹਾਜ਼ਰ ਸਨ ਜਿਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੋਗਰਾਮ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।