ਸਰਕਾਰ ਵਿਧਾਨ ਸਭਾ ਦਾ ਤੁਰੰਤ ਵਿਸ਼ੇਸ਼ ਇਜਲਾਸ ਸੱਦੇ: ਇਆਲੀ
ਰੋਪੜ ਤੇ ਲੁਧਿਆਣਾ ਜ਼ਿਲ੍ਹੇ ਦੀ ਹੱਦ ’ਤੇ ਪੈਂਦੇ ਪਿੰਡ ਫੱਸਿਆਂ ਵਿੱਚ ਧੁੱਸੀ ਬੰਨ੍ਹ ਦੇ ਬਚਾਅ ਲਈ ਡਟੇ ਨੌਜਵਾਨਾਂ ਦੀ ਹੌਂਸਲਾ-ਅਫ਼ਜਾਈ ਲਈ ਹਲਕਾ ਮੁੱਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਰਾਹਤ ਕਾਰਜਾਂ ’ਚ ਜੁਟੇ ਵਾਹਨਾਂ ਦੇ ਡੀਜ਼ਲ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਪਿੰਡ ਫੱਸਿਆਂ ਵਿੱਚ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਨੌਜਵਾਨ ਡਟਿਆ ਦੇਖ ਕੇ ਵੱਡੀ ਰਾਹਤ ਮਹਿਸੂਸ ਹੋਈ ਕਿ ਲੋਕ ਸਰਕਾਰਾਂ ਤੋਂ ਆਸ ਛੱਡ ਆਪ ਮੁਹਾਰੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ, ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਦਿਨ-ਰਾਤ ਮਿਹਨਤ ਸਦਕਾ ਇਹ ਬੰਨ੍ਹ ਟੁੱਟਣ ਤੋਂ ਬਚ ਰਿਹਾ ਹੈ।
ਵਿਧਾਇਕ ਇਆਲੀ ਨੇ ਕਿਹਾ ਕਿ ਸੈਂਕੜੇ ਹੀ ਟਰੈਕਟਰ-ਟਰਾਲੀਆਂ ਬੋਰੀਆਂ ਢੋਅ ਰਹੀਆਂ ਹਨ, ਜਿਨ੍ਹਾਂ ਵਿਚ ਡੀਜ਼ਲ ਪਾਉਣ ਲਈ ਉਨ੍ਹਾਂ ਆਪਣੀ ਨੇਕ ਕਮਾਈ ’ਚੋਂ ਦੋ ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਸੀ ਕਿ ਇਸ ਵਾਰ ਮੀਂਹ ਜ਼ਿਆਦਾ ਪੈਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ, ਇਸ ਲਈ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਵਿਧਾਨ ਸਭਾ ਦਾ ਵਿਸੇਸ਼ ਸਦਨ ਸੱਦਿਆ ਜਾਵੇ, ਜਿਸ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ’ਤੇ ਖੁੱਲ੍ਹੀ ਬਹਿਸ ਹੋਵੇ ਅਤੇ ਜਿੱਥੇ ਕੁਤਾਹੀਆਂ ਪਾਈਆਂ ਗਈਆਂ ਉਹ ਜਨਤਕ ਹੋਣ। ਵਿਧਾਇਕ ਇਆਲੀ ਨੇ ਕਿਹਾ ਕਿ ਦੋ ਸਾਲ ਪਹਿਲਾਂ 2023 ਵਿੱਚ ਵੀ ਹੜ੍ਹ ਆਏ ਪਰ ਪ੍ਰਸ਼ਾਸਨ ਨੇ ਉਸ ਤੋਂ ਕੋਈ ਸਬਕ ਨਹੀਂ ਲਿਆ ਅਤੇ ਹੁਣ 2025 ਵਿਚ ਪਹਿਲਾਂ ਨਾਲੋਂ ਵੀ ਵੱਡਾ ਹੜ੍ਹ ਆਇਆ ਜਿਸ ਨੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ, ਸੁਰਜੀਤ ਸਿੰਘ ਮਾਂਗਟ, ਸਰਪੰਚ ਮਨਜੀਤ ਸਿੰਘ ਇਰਾਕ, ਗਗਨਦੀਪ ਸਿੰਘ ਖੁਰਾਣਾ, ਸਹਿਰਾਬ ਸਿੰਘ ਬੈਨੀਪਾਲ, ਹਰਦੀਪ ਸਿੰਘ ਢਿੱਲੋਂ, ਮਨਮੋਹਣ ਸਿੰਘ ਚੱਕੀ, ਕੁਲਵਿੰਦਰ ਸਿੰਘ ਪਵਾਤ, ਜਥੇਦਾਰ ਮਨਮੋਹਣ ਸਿੰਘ ਅਤੇ ਗੁਰਨਾਮ ਸਿੰਘ ਖਾਲਸਾ ਮੌਜੂਦ ਸਨ।