ਸਰਕਾਰੀ ਸਕੂਲ ਥਰੀਕੇ ਨੇ ਓਵਰਆਲ ਟਰਾਫੀ ਜਿੱਤੀ
ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਨੇ ਲਗਾਤਾਰ ਅੱਠਵੀਂ ਵਾਰ ਯੋਗ ਦੇ ਖੇਤਰ ਵਿੱਚ ਓਵਰਆਲ ਟਰਾਫ਼ੀ ਜਿੱਤ ਕੇ ਇਤਿਹਾਸ ਰਚਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਦੇ ਖੇਡ ਮੈਦਾਨ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਅੰਡਰ-11 ਦੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਨੇ ਯੋਗ ਵਿੱਚ ਇਹ ਮਾਣ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਥਰੀਕੇ ਸਕੂਲ ਪਿਛਲੇ ਲੰਬੇ ਸਮੇਂ ਤੋਂ ਯੋਗ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪ੍ਰਾਪਤੀਆਂ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਗਰੁੱਪ ਯੋਗ ਲੜਕੇ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ, ਆਰਟਿਸਟਿਕ ਯੋਗਾ ਲੜਕੇ ਅਤੇ ਲੜਕਿਆਂ ਵਿੱਚ ਪਹਿਲਾ ਸਥਾਨ ਅਤੇ ਰਿਧਮਿਕ ਯੋਗਾ ਲੜਕੇ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਲਗਾਤਾਰ ਅੱਠਵੀਂ ਵਾਰ ਯੋਗਾ ਵਿੱਚ ਓਵਰਆਲ ਟਰਾਫ਼ੀ ਜਿੱਤ ਲਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੇ ਯੋਗਾ ਵਿੱਚ 14 ਸੋਨ ਤਗ਼ਮੇ ਜਿੱਤੇ ਹਨ ਅਤੇ ਸਕੂਲ ਦੇ 14 ਖਿਡਾਰੀ ਸੂਬਾ ਪੱਧਰ ਲਈ ਚੁਣੇ ਗਏ ਹਨ। ਜੇਤੂ ਖਿਡਾਰੀਆਂ ਨੂੰ ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ, ਰਮਨਜੀਤ ਸਿੰਘ ਸੰਧੂ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ, ਰਣਜੋਧ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਜਿੰਦਰ ਸਿੰਘ ਬੱਦੋਵਾਲ, ਬਲਦੇਵ ਸਿੰਘ ਮੁੱਲਾਂਪੁਰ, ਭਵਨਜੀਤ ਸਿੰਘ ਮੁੱਲਾਂਪੁਰ, ਹਰਮੀਤ ਸਿੰਘ, ਬਲਜਿੰਦਰ ਕੌਰ, ਸੁਖਬੀਰ ਕੌਰ, ਮੁੱਖ ਅਧਿਆਪਕਾ ਵਿੱਦਿਆ ਦੇਵੀ, ਸਰਬਜੀਤ ਕੌਰ ਬੱਦੋਵਾਲ, ਸੰਯੋਗਤਾ, ਮੈਡਮ ਪ੍ਰੀਤੀ, ਰਮਨਦੀਪ ਕੌਰ, ਪਰਵੀਨ ਕੌਰ ਆਦਿ ਹਾਜ਼ਰ ਸਨ।
