ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਮੀਟਿੰਗ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਜਰਨਲ ਸਕੱਤਰ ਪ੍ਰਵੀਨ ਕੁਮਾਰ, ਜਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ ਦੀ ਅਗਵਾਈ ਹੇਠ ਪੰਜਾਬੀ ਭਵਨ ਲੁਧਿਆਣਾ ਵਿੱਚ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਸਮੂਹ ਅਧਿਆਪਕ ਵਰਗ ਨੂੰ ਹੜ ਪੀੜਿਤ ਲੋਕਾਂ ਨੂੰ ਬਣਦਾ ਯੋਗਦਾਨ ਦੇਣ ਲਈ ਅਪੀਲ ਕੀਤੀ ਗਈ। ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਮਨੀਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਬੋਰਡਾਂ ਅਧੀਨ ਸਕੂਲਾਂ ਦੀ ਜਥੇਬੰਦੀ ਦੇ ਪ੍ਰਧਾਨ ਮਰਹੂਮ ਮਹਿੰਦਰ ਸਿੰਘ ਸਵੱਦੀ ਦੀ ਅਗਵਾਈ ਹੇਠ ਲੰਬੇ ਸੰਘਰਸ਼ ਪਿੱਛੋਂ ਪੰਜਾਬ ਦੇ ਸਕੂਲਾਂ ਨੂੰ 1 ਅਕਤੂਬਰ 1957 ਨੂੰ ਸਰਕਾਰੀ ਸਕੂਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਸਕੂਲਾਂ ਦੀ ਸਰਕਾਰੀਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 2 ਅਕਤੂਬਰ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਜਥੇਬੰਦੀ ਦੀ ਵਿਸ਼ੇਸ਼ ਇਕੱਤਰਤਾ ਕਰਕੇ ਮਨਾਇਆ ਜਾਵੇਗਾ।
ਇਸ ਮੌਕੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ‘ਸਕੂਲ ਆਫ ਐਮੀਂਨੈਂਸ਼’ ਦੀ ਬਜਾਏ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇੱਕ ਸਾਰ ਮਿਆਰੀ ਅਤੇ ਬੁਨਿਆਦੀ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਜਾਵੇ ਅਤੇ ਕੋਠਾਰੀ ਸਿੱਖਿਆ ਕਮਿਸ਼ਨ (1964-66) ਅਤੇ 1968 ਦੀ ਸਿੱਖਿਆ ਨੀਤੀ ਦੀਆਂ ਤਜਵੀਜ਼ਾਂ ਵਿੱਚ ਬਣਦੀਆਂ ਸਾਰਥਿਕ ਸੋਧਾਂ ਕਰਕੇ ਸਹੀ ਢੰਗ ਨਾਲ ਲਾਗੂ ਕੀਤੀ ਜਾਵੇ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਨਵੀਂ ਸਿੱਖਿਆ ਨੀਤੀ 2020 ਸਮੇਤ ‘ਸਕੂਲ ਆਫ ਐਮੀਂਨੈਂਸ਼’ ਰੱਦ ਕਰਨ ਅਤੇ ਸਿੱਖਿਆ ਨੂੰ ਨਿੱਜੀਕਰਨ ਵਪਾਰੀਕਰਨ ਤੋਂ ਬਚਾਉਣ ਲਈ ਜਥੇਬੰਦੀ ਵੱਲੋਂ ਪਹਿਲੀ ਅਕਤੂਬਰ 1957 ਨੂੰ ਪੰਜਾਬ ਦੇ ਸਕੂਲਾਂ ਦੀ ਸਰਕਾਰੀ ਕਰਨ ਦੀ 68ਵੀ ਵਰ੍ਹੇਗੰਢ ਮੌਕੇ 2 ਅਕਤੂਬਰ ਨੂੰ ਲੁਧਿਆਣਾ ਵਿਖੇ ਮਨਾਉਣ ਸਬੰਧੀ ਅਧਿਆਪਕ ਵਰਗ ਤੇ ਆਮ ਲੋਕਾਂ ਵਿੱਚ ਲਾਮਬੰਦੀ ਵੀ ਕੀਤੀ ਜਾਵੇਗੀ। ਜਥੇਬੰਦੀ ਨੇ ਆਦਰਸ਼ ,ਮਾਡਲ , ਮੈਰੀਟੋਰੀਅਸ ਸਕੂਲਾਂ ਨੂੰ ਸਮੁੱਚੇ ਸਟਾਫ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ, ਹਰ ਪ੍ਰਾਈਮਰੀ ਸਕੂਲ ਲਈ ਜਮਾਤ ਅਨੁਸਾਰ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਜਮਾਤਾਂ ਅਨੁਸਾਰ ਸੱਤ ਰੈਗੂਲਰ ਅਧਿਆਪਕ ਨਿਯੁਕਤ ਕਰਨ, ਠੇਕਾ ਆਧਾਰ ਤੇ ਕੰਮ ਕਰ ਰਹੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖ਼ਾਹਾਂ ਸਮੇਤ ਰੈਗੂਲਰ ਕਰਨ ਅਤੇ ਅਧਿਆਪਕਾਂ ਤੋਂ ਵੱਖ ਵੱਖ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਦੀ ਮੰਗ ਕੀਤੀ। ਇਸ ਸਮੇਂ ਜਥੇਬੰਦੀ ਦੇ ਆਗੂ ਚਰਨ ਸਿੰਘ ਤਾਜਪੁਰੀ, ਸਤਵਿੰਦਰ ਪਾਲ ਸਿੰਘ ਦੋਰਾਹਾ, ਕੁਲਦੀਪ ਸਿੰਘ ਬਲਾਕ ਪੱਖੋਵਾਲ ਪ੍ਰਧਾਨ, ਸੰਜੀਵ ਯਾਦਵ, ਵਰਿੰਦਰ ਸ਼ਰਮਾ, ਜਗਦੀਸ਼ ਸਿੰਘ, ਅਸ਼ੋਕ ਗੋਇਲ, ਅਸ਼ੀਸ ਕੁਮਾਰ ਤੇ ਹੋਰ ਸਾਥੀ ਹਾਜ਼ਰ ਸਨ।