ਕਿਸਾਨੀ ਨੂੰ ਤੋੜਨ ਲਈ ਸਰਕਾਰ ਵੱਲੋਂ ਨਵੀਂ ਨੀਤੀ ਦੀ ਤਿਆਰੀ: ਉਗਰਾਹਾਂ
ਸਮਰਾਲਾ ਵਿੱਚ ਹੋ ਰਹੀ 24 ਅਗਸਤ ਦੀ ਰੈਲੀ ਸਬੰਧੀ ਬੀਕੇਯੂ ਏਕਤਾ (ਉਗਰਾਹਾਂ) ਦੀ ਇਕੱਤਰਤਾ ਅੱਜ ਇਥੇ ਗੁਰਦੁਆਰਾ ਸ਼ਹੀਦ ਬਾਬਾ ਨੱਥੂ ਜੀ ਦਾਖਾ ਵਿੱਚ ਹੋਈ। ਇਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਪ੍ਰਭਾਵਿਤ ਪਿੰਡਾਂ ਨੇ ਵੀ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੱਡੀ ਗਿਣਤੀ ਵਿੱਚ ਸਮਰਾਲਾ ਮਹਾਰੈਲੀ ਵਿੱਚ ਪੁੱਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨੀ ’ਤੇ ਹਮਲੇ ਹਾਲੇ ਹੋਰ ਹੋਣੇ ਹਨ। ਇਨ੍ਹਾਂ ਨੂੰ ਲੋਕ ਏਕਤਾ ਅਤੇ ਸਾਂਝੇ ਸੰਘਰਸ਼ ਨਾਲ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ। ਜਿੱਥੋਂ ਤਕ ਲੈਂਡ ਪੂਲਿੰਗ ਨੀਤੀ ਰੱਦ ਕਰਨ ਦਾ ਸਵਾਲ ਹੈ ਤਾਂ ਪੰਜਾਬ ਸਰਕਾਰ ਨੇ ਸਿਰਫ ਇਕ ਵਾਰ ਲੋਕਾਂ ਦੇ ਭਾਰੀ ਵਿਰੋਧ ਤੇ ਦਬਾਅ ਕਰਕੇ ਪੈਰ ਪਿੱਛੇ ਖਿੱਚਿਆ ਹੈ। ਪਰ ਹੁਣ ਵੀ ਸਰਕਾਰ ਅੰਤਰਖਾਤੇ ਕਿਸੇ ਹੋਰ ਰੂਪ ਵਿੱਚ ਇਹ ਨੀਤੀ ਲਿਆਉਣ ਦੀ ਸੋਚ ਰਹੀ ਹੈ। ਇਸ ਲਈ ਲੋਕਾਂ ਨੂੰ ਨਾ ਤਾਂ ਢਿੱਲੇ ਪੈਣਾ ਚਾਹੀਦਾ ਹੈ ਅਤੇ ਨਾ ਹੀ ਧੜੇਬੰਦੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਕਾਰਪੋਰੇਟਾਂ ਦੀ ਇਕੋ ਨੀਤੀ ਹੈ। ਭਾਰਤ ਇਸ ਦੀ ਮਾਰ ਹੇਠ ਨਹੀਂ ਸੀ ਆਇਆ ਤੇ ਹੁਣ ਅੱਖਾਂ ਇਸੇ ਮੁਲਕ ’ਤੇ ਹੈ। ਜਿੰਨੀ ਦੇਰ ਜ਼ਮੀਨਾਂ ਕਿਸਾਨਾਂ ਕੋਲ ਹਨ ਓਨੀ ਦੇਰ ਕਾਰਪੋਰੇਟ ਕਾਮਯਾਬ ਨਹੀਂ ਹੋਣੇ। ਇਸੇ ਲਈ ਕਾਰਪੋਰੇਟ ਘਰਾਣੇ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਹਾਰਾ ਲੈ ਕੇ ਜ਼ਮੀਨਾਂ ਹਥਿਆਉਣਾ ਚਾਹੁੰਦੇ ਹਨ। ਜ਼ਮੀਨ ਹੀ ਲੋਕਾਂ ਦੀ ਤਾਕਤ ਹੈ ਤੇ ਜਿਸ ਦਿਨ ਇਹ ਖੁੱਸ ਗਈ ਕਿਸਾਨ ਤੇ ਹੋਰ ਲੋਕ ਘਸਿਆਰੇ ਬਣ ਕੇ ਰਹਿ ਜਾਣਗੇ। ਜੋਗਿੰਦਰ ਸਿੰਘ ਉਗਰਾਹਾਂ ਨੇ ਭਗਵੰਤ ਮਾਨ ਨੂੰ ਹੁਣ ਤਕ ਦਾ ਸਭ ਤੋਂ ਮਾੜਾ ਤੇ ਕਮਜ਼ੋਰ ਮੁੱਖ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਸ ਦੀਆਂ ਗੱਲਾਂ ਹੁਣ ਵਿਚਾਰ ਕੇ ਹੈਰਾਨੀ ਹੁੰਦੀ ਹੈ ਕਿ ਇਹ ਓਹੀ ਬੰਦਾ ਹੈ। ਹੁਣ ਪਤਾ ਲੱਗਾ ਕਿ ਇਸ ਵਿੱਚ ਤਾਂ ਰੀੜ ਦੀ ਹੱਡੀ ਵੀ ਨਹੀਂ ਹੈ। ਸਰਕਾਰਾਂ ਲੈਂਡ ਬੈਂਕ ਵੱਲ ਵਧ ਰਹੀਆਂ ਹਨ ਜਿਸ ਨੂੰ ਹਰ ਹੀਲੇ ਰੋਕਿਆ ਜਾਵੇਗਾ। ਕਿਸਾਨਾਂ ਦਾ ਇਕ ਝੰਡੇ ਹੇਠਾਂ ਇਕੱਠੇ ਹੋ ਕੇ ਸਾਂਝਾ ਘੋਲ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੈਂਡ ਬੈਂਕ ਤੇ ਸੰਸਾਰ ਮੁਦਰਾ ਫੰਡ ਦੀਆਂ ਹਦਾਇਤਾ ਅਨੁਸਾਰ ਉਪਜਾਊ ਜ਼ਮੀਨਾਂ ਕਾਰਪੋਰੇਟਾਂ, ਕੰਪਨੀਆਂ ਨੂੰ ਸੌਂਪਣੀਆਂ ਹਨ ਤਾਂ ਜੋ ਉਹ ਅਨਾਜ ਤੇ ਹੋਰ ਖਣਿਜਾਂ ਨੂੰ ਆਪਣੇ ਹੱਥ ਲੈ ਕੇ ਕਬਜ਼ੇ ਵਿੱਚ ਕਰਕੇ ਅੰਨ੍ਹਾ ਮੁਨਾਫਾ ਕਮਾ ਸਕਣ। ਸਮਰਾਲਾ ਰੈਲੀ ਵਿੱਚ ਇਨ੍ਹਾਂ ਸਾਰੇ ਮੁੱਦਿਆਂ ’ਤੇ ਚਰਚਾ ਹੋਵੇਗੀ ਅਤੇ ਨਵੇਂ ਸੰਘਰਸ਼ ਦਾ ਐਲਾਨ ਹੋਵੇਗਾ। ਇਕੱਤਰਤਾ ਨੂੰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਯੁਵਰਾਜ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਥਲਾ, ਜਸਵੰਤ ਸਿੰਘ ਭੱਟੀਆ, ਅਮਰੀਕ ਸਿੰਘ ਭੂੰਦੜੀ, ਅਜੀਤ ਸਿੰਘ ਦਾਖਾ, ਜਗਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।