ਸਰਕਾਰੀ ਕੰਨਿਆ ਸਕੂਲ ਮਨਸੂਰਾਂ ਨੂੰ ਸਰਵੋਤਮ ਸਕੂਲ ਐਲਾਨਿਆ
ਲੁਧਿਆਣਾ, 10 ਮਾਰਚ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਸੂਰਾਂ ਸਕੂਲ ਨੂੰ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਰਵੋਤਮ ਸਕੂਲ ਐਲਾਨਿਆ ਗਿਆ ਹੈ। ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਸਰਵੇਖਣ ਦੌਰਾਨ ਇਸ ਸਕੂਲ ਨੂੰ ਸਰਵੋਤਮ ਸਕੂਲ ਦਾ ਦਰਜਾ ਹਾਸਲ ਹੋਇਆ ਹੈ ਜੋ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥਣਾਂ, ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਲਈ ਮਾਣ-ਮੱਤੀ ਪ੍ਰਾਪਤੀ ਹੈ।
ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਕੰਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਦੀ ਅਗਵਾਈ ਵਿੱਚ ਜ਼ੋਨਲ, ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਵਿੱਦਿਅਕ ਸਰਗਰਮੀਆਂ ਅਤੇ ਖੇਡਾਂ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਕੰਗ ਦਾ ਸਮੂਹ ਸਟਾਫ਼ ਨੇ ਸਨਮਾਨ ਕੀਤਾ। ਇਸ ਮੌਕੇ ਖੁਸ਼ੀ ਜਾਹਰ ਕਰਦਿਆਂ ਪ੍ਰਿੰਸੀਪਲ ਨੇ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਿਰ ਬੰਨ੍ਹਦਿਆਂ ਨਗਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੀ ਵਿਸ਼ੇਸ਼ ਰੂਪ ਵਿੱਚ ਸ਼ਲਾਘਾ ਕੀਤੀ।
ਇਸ ਮੌਕੇ ਲੈਕਚਰਾਰ ਹਰਜੀਤ ਸਿੰਘ ਰਤਨ, ਅਵਨਿੰਦਰ ਸਿੰਘ, ਬਲਦੇਵ ਸਿੰਘ, ਮਨੀ ਅਹੂਜਾ, ਮਨਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਰੰਜਨ ਕੌਰ, ਨਰਿੰਦਰਪਾਲ ਕੌਰ, ਅਰਵਿੰਦ ਕੌਰ, ਲਲਿਤਾ ਕਿਸ਼ੋਰੀ, ਰਵਿੰਦਰ ਕੌਰ, ਵਸੁਧਾ ਸ਼ਰਮਾ ਤੇ ਨਮਿਤਾ ਗਰੋਵਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।
